ਮੁੰਬਈ, 26 ਦਸੰਬਰ
ਬੌਲੀਵੁੱਡ ਸੁਪਰ ਸਟਾਰ ਸਲਮਾਨ ਖ਼ਾਨ ਨੂੰ ਸ਼ਨਿਚਰਵਾਰ ਰਾਤ ਪਨਵੇਲ ਨੇੜੇ ਫਾਰਮ ਹਾਊਸ ’ਤੇ ਇਕ ਸੱਪ ਨੇ ਡੰਗ ਲਿਆ। ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੋਂ ਅੱਜ ਸਲਮਾਨ ਨੂੰ ਛੁੱਟੀ ਦੇ ਦਿੱਤੀ ਗਈ ਹੈ। ਪਰਿਵਾਰ ਦੀ ਨਜ਼ਦੀਕੀ ਦੋਸਤ ਅਦਾਕਾਰਾ ਅਤੇ ਸਿਆਸਤਦਾਨ ਬੀਨਾ ਕਾਕ ਨੇ ਦੱਸਿਆ ਕਿ ਸਲਮਾਨ ਬਿਲਕੁਲ ਠੀਕ-ਠਾਕ ਹੈ। ਸੂਤਰਾਂ ਨੇ ਕਿਹਾ ਕਿ ਸਲਮਾਨ ਨੂੰ ਛੇ ਘੰਟਿਆਂ ਮਗਰੋਂ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਘਰ ਪਰਤ ਆਇਆ ਹੈ। ਅਦਾਕਾਰ ਫਾਰਮ ਹਾਊਸ ’ਤੇ ਚਲਾ ਗਿਆ ਹੈ ਜਿਥੇ ਉਹ ਸੋਮਵਾਰ ਨੂੰ ਆਪਣਾ 56ਵਾਂ ਜਨਮਦਿਨ ਮਨਾਏਗਾ। ‘ਮੈਨੇ ਪਿਆਰ ਕਿਉਂ ਕੀਆ’ ਅਤੇ ‘ਗੋਡ ਤੁਸੀ ਗਰੇਟ ਹੋ’ ਜਿਹੀਆਂ ਫਿਲਮਾਂ ’ਚ ਸਲਮਾਨ ਨਾਲ ਕੰਮ ਕਰਨ ਵਾਲੀ ਕਾਕ ਨੇ ਇੰਸਟਾਗ੍ਰਾਮ ’ਤੇ ਅਦਾਕਾਰ ਦੀ ਸਿਹਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਕਾਕ ਨੇ ਸਲਮਾਨ ਨਾਲ ਸੈਲਫੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ,‘‘ਭਲਕੇ ਜਨਮਦਿਨ ਹੈ। ਸਭ ਕੁਝ ਕੁਸ਼ਲ ਮੰਗਲ ਹੈ ਅਤੇ ਸਾਰੇ ਖੁਸ਼ ਹਨ, ਅੱਜ ਤੁਸੀਂ ਬਿਲਕੁਲ ਸਿਹਤਮੰਦ ਹੋ। ਪਰਿਵਾਰ ਨਾਲ ਦੇਖ ਕੇ ਖੁਸ਼ ਹਾਂ।ਮੈਂ ਉਸ ਨੂੰ ‘ਖੁਦਾ ਦੀ ਨੇਹਮਤ’ ਆਖਾਂਗੀ।’’ ਸਲਮਾਨ ਖ਼ਾਨ ਕਲਰਜ਼ ਟੀਵੀ ’ਤੇ ਰਿਐਲਟੀ ਸ਼ੋਅ ‘ਬਿਗ ਬੌਸ’ ਦੀ ਮੇਜ਼ਬਾਨੀ ਕਰ ਰਿਹਾ ਹੈ। -ਪੀਟੀਆਈ