ਬੰਗਲੂਰੂ, 3 ਸਤੰਬਰ
ਉੱਘੇ ਪੱਤਰਕਾਰ ਅਤੇ ਰੈਮਨ ਮੈਗਸੈਸੇ ਪੁਰਸਕਾਰ ਜੇਤੂ ਪੀ ਸਾਈਨਾਥ ਨੇ ਮੁਰੁਘਾ ਮੱਠ ਵੱਲੋਂ 2017 ’ਚ ਦਿੱਤੇ ਗਏ ਬਾਸਵਸ੍ਰੀ ਪੁਰਸਕਾਰ ਨੂੰ ਮੋੜਨ ਦਾ ਐਲਾਨ ਕੀਤਾ ਹੈ। ਮੱਠ ਦੇ ਮੁੱਖ ਪੁਜਾਰੀ ਸ਼ਿਵਮੂਰਤੀ ਮੁਰੁਘਾ ਸ਼ਰਨਾਰੂ ਨੂੰ ਵਿਦਿਆਰਥਣਾਂ ਦੇ ਜਿਨਸੀ ਸੋਸ਼ਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਸਾਈਨਾਥ ਨੇ ਕਈ ਟਵੀਟ ਕਰਕੇ ਪੁਰਸਕਾਰ ਵਾਪਸ ਕਰਨ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਅਤੇ ਇਨਸਾਫ਼ ਖਾਤਰ ਉਹ ਬਾਸਵਸ੍ਰੀ ਪੁਰਸਕਾਰ (ਪੰਜ ਲੱਖ ਰੁਪਏ ਦਾ ਇਨਾਮ ਵੀ) ਵਾਪਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸ਼ਰਨਾਰੂ ’ਤੇ ਪੋਕਸੋ ਐਕਟ ਤਹਿਤ ਲੱਗੇ ਦੋਸ਼ਾਂ ਦੀ ਖ਼ਬਰ ਸੁਣ ਕੇ ਪ੍ਰੇਸ਼ਾਨ ਹਨ। ਉੱਘੇ ਪੱਤਰਕਾਰ ਨੇ ਕਿਹਾ ਕਿ ਬੱਚਿਆਂ ਖ਼ਿਲਾਫ਼ ਅਜਿਹੇ ਘਿਨਾਉਣੇ ਕਾਰਿਆਂ ਦੀ ਨਿਖੇਧੀ ਕਰਨ ਲਈ ਹੋਰ ਸਖ਼ਤ ਸ਼ਬਦ ਨਹੀਂ ਹਨ। ਉਨ੍ਹਾਂ ਕਰਨਾਟਕ ਸਰਕਾਰ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। -ਪੀਟੀਆਈ