ਨਾਗਪੁਰ: ਮਾਓਵਾਦੀਆਂ ਨਾਲ ਸੰਪਰਕ ਰੱਖਣ ਦੇ ਦੋਸ਼ ਹੇਠ ਮਹਾਰਾਸ਼ਟਰ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈਬਾਬਾ ਦੀ ਬਿਮਾਰ ਮਾਂ ਦਾ ਦੇਹਾਂਤ ਹੋ ਗਿਆ ਹੈ। ਸਾਈਬਾਬਾ ਦੇ ਵਕੀਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਬਕਾ ਪ੍ਰੋਫੈਸਰ ਨੂੰ ਉਨ੍ਹਾਂ ਦੀ ਮਾਤਾ ਨਾਲ ਮਿਲਾਉਣ ਦਾ ਯਤਨ ਕੀਤਾ ਪਰ ਉਹ ਸਫ਼ਲ ਨਹੀਂ ਹੋ ਸਕੇ। ਦੱਸਣਯੋਗ ਹੈ ਕਿ ਮੰਗਲਵਾਰ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਸਾਈਬਾਬਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਸਾਈਬਾਬਾ ਨੇ ਮੈਡੀਕਲ ਅਧਾਰ ’ਤੇ 45 ਦਿਨ ਦੀ ਜ਼ਮਾਨਤ ਮੰਗੀ ਸੀ। ਉਹ ਜੇਲ੍ਹ ਤੋਂ ਬਾਹਰ ਇਲਾਜ ਕਰਵਾਉਣਾ ਚਾਹੁੰਦੇ ਸਨ ਤੇ 74 ਸਾਲਾ ਮਾਂ ਨੂੰ ਵੀ ਮਿਲਣਾ ਚਾਹੁੰਦੇ ਸਨ। ਸਾਈਬਾਬਾ ਦੀ ਮਾਂ ਹੈਦਰਾਬਾਦ ਵਿਚ ਰਹਿ ਰਹੀ ਸੀ ਤੇ ਕੈਂਸਰ ਤੋਂ ਪੀੜਤ ਸੀ। ਸਾਬਕਾ ਪ੍ਰੋਫੈਸਰ ਦੀ ਪਤਨੀ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਉਨ੍ਹਾਂ ਦੀ ਮਾਂ ਨੇ ਹੈਦਰਾਬਾਦ ਵਿਚ ਆਖ਼ਰੀ ਸਾਹ ਲਏ। ਸਾਈਬਾਬਾ ਖ਼ੁਦ ਨਾਗਪੁਰ ਕੇਂਦਰੀ ਜੇਲ੍ਹ ਵਿਚ ਕੈਦ ਹਨ ਤੇ ਵ੍ਹੀਲ ਚੇਅਰ ਉਤੇ ਹਨ। ਉਹ 90 ਫ਼ੀਸਦ ਅੰਗਹੀਣ ਹਨ।
-ਪੀਟੀਆਈ