ਕੋਚੀ, 21 ਸਤੰਬਰ
ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਥੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਨੂੰ ਸ਼ਰਧਾਂਜਲੀ ਦੇਣ ਮਗਰੋਂ ਮਦਵਾਨਾ ਨੇੜੇ ਅੱਜ ਆਪਣੀ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ। ਸੀਨੀਅਰ ਕਾਂਗਰਸ ਆਗੂ ਸਚਿਨ ਪਾਇਲਟ ਵੀ ਉਨ੍ਹਾਂ ਨਾਲ ਇਸ ਪੈਦਲ ਮਾਰਚ ਵਿੱਚ ਸ਼ਾਮਲ ਹੋਏ। ਯਾਤਰਾ ਦੇ ਅੱਜ 14ਵੇਂ ਦਿਨ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨਾਲ ਸੂਬੇ ਦੇ ਹੋਰ ਸੀਨੀਅਰ ਕਾਂਗਰਸ ਆਗੂਆਂ ਨੇ ਵੀ ਹਿੱਸਾ ਲਿਆ। ਰਾਹੁਲ ਨੇ ਟਵੀਟ ਕੀਤਾ, ‘‘ਦਿਨ ਦੀ ਪ੍ਰੇਰਨਾਦਾਇਕ ਸ਼ੁਰੂਆਤ। ਮੈਂ ਮਹਾਨ ਧਾਰਮਿਕ ਆਗੂ, ਫਿਲਾਸਫਰ ਅਤੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਦੀਆਂ ਬਰਾਬਰਤਾ ਵਾਲੀਆਂ ਸਿੱਖਿਆਵਾਂ ਭਾਰਤ ਜੋੜੋ ਯਾਤਰਾ ਦੇ ਵਿਚਾਰ ਦੀ ਕੁੰਜੀ ਹਨ।’’ ਕਾਂਗਰਸ ਆਗੂ ਨੇ ਸ੍ਰੀ ਨਾਰਾਇਣ ਗੁਰੂ ਦੀ ਤਸਵੀਰ ਅੱਗੇ ਪ੍ਰਾਰਥਨਾ ਕਰਦਿਆਂ ਦੀ ਆਪਣੀ ਫੋਟੋ ਵੀ ਟਵਿੱਟਰ ’ਤੇ ਸਾਂਝੀ ਕੀਤੀ ਹੈ।