ਅਹਿਮਦਾਬਾਦ, 2 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹਿਰ ਵਿੱਚੋਂ ਲੰਘਦੇ ਸਾਬਰਮਤੀ ਦਰਿਆ ’ਤੇ ‘ਅਕਸ਼ਰ’ ਕਰੂਜ਼ ਦਾ ਵਰਚੁਅਲੀ ਉਦਘਾਟਨ ਕਰਨ ਮਗਰੋਂ ਕਿਹਾ ਕਿ ਸਾਬਰਮਤੀ ਦਰਿਆ ਅਹਿਮਦਾਬਾਦ ਵਿੱਚ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਵੀਡੀਓ ਕਾਨਫਰੰਸ ਜ਼ਰੀਏ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਕਈ ਅਜਿਹੀਆਂ ਪਹਿਲਕਦਮੀਆਂ ਕੀਤੀਆਂ, ਜਿਨ੍ਹਾਂ ਨੇ ਸੂਬੇ ਵਿੱਚ ਸੈਲਾਨੀਆਂ ਦੀ ਗਿਣਤੀ ਵਧਾਉਣ ’ਚ ਮਦਦ ਕੀਤੀ। ਸ਼ਾਹ ਨੇ ਕਿਹਾ, ‘‘ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ‘ਰਿਵਰਫਰੰਟ’ ਦੀ ਕਲਪਨਾ ਕੀਤੀ ਅਤੇ ਇਸ ਲਈ ਯੋਜਨਾ ਬਣਾਈ ਅਤੇ ਇਸ ਦਾ ਨਿਰਮਾਣ ਵੀ ਉਨ੍ਹਾਂ ਦੇ ਮੁੱਖ ਮੰਤਰੀ ਰਹਿੰਦਿਆਂ ਹੀ ਹੋਇਆ। ‘ਰਿਵਰ ਫਰੰਟ’ ਨਾ ਸਿਰਫ਼ ਅਹਿਮਦਾਬਾਦ, ਸਗੋਂ ਦੇਸ਼-ਵਿਦੇਸ਼ ਵਿੱਚ ਵੀ ਜਾਣਿਆ ਜਾਂਦਾ ਹੈ।’’ ਉਨ੍ਹਾਂ ਕਿਹਾ ਕਿ ਹੁਣ ਇਹ ਵੱਖ ਵੱਖ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਅਕਸ਼ਰ ਰਿਵਰ ਕਰੂਜ਼’ ਸ਼ਹਿਰ ਵਿੱਚ ਖਿੱਚ ਦਾ ਕੇਂਦਰ ਬਣੇਗਾ। ਸ਼ਾਹ ਨੇ ਦੱਸਿਆ ਕਿ ਦੋ ਇੰਜਣਾਂ ਵਾਲੇ 30 ਮੀਟਰ ਲੰਬੇ ਲਗਜ਼ਰੀ ਕਰੂਜ਼ ’ਤੇ ਦੋ ਘੰਟਿਆਂ ਦੇ ਸਫ਼ਰ ਦੌਰਾਨ ਸੈਲਾਨੀ ਸੰਗੀਤਕ ਪ੍ਰੋਗਰਾਮ ਅਤੇ ਖਾਣੇ ਦਾ ਲੁਤਫ਼ ਉਠਾ ਸਕਦੇ ਹਨ। -ਪੀਟੀਆਈ
‘ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਸਪਾ ਨੇ ਪੱਛੜੇ ਸਮਾਜ ਨੂੰ ਕਦੇ ਮਾਨਤਾ ਨਹੀਂ ਦਿੱਤੀ’
ਲਖਨਊ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਸਹਿਯੋਗੀ ਅਤੇ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਦੀ ਅਗਵਾਈ ਵਾਲੀ ਅਪਨਾ ਦਲ (ਸੋਨੇਲਾਲ) ਪਾਰਟੀ ਤਰਫ਼ੋਂ ਸੰਸਥਾਪਕ ਡਾ. ਸੋਨੇਲਾਲ ਪਟੇਲ ਦੀ 74ਵੀਂ ਜੈਅੰਤੀ ’ਤੇ ਕਰਵਾਏ ਸਮਾਰੋਹ ਦੌਰਾਨ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, ‘‘ਕਾਂਗਰਸ, ਸਮਾਜਵਾਦੀ ਪਾਰਟੀ, ਬਸਪਾ ਕਈ ਵਾਰ ਸੱਤਾ ਵਿੱਚ ਆਈਆਂ, ਗੱਠਜੋੜ ’ਚ ਰਹੀਆਂ ਪਰ ਇਨ੍ਹਾਂ ਕਦੇ ਪੱਛੜੇ ਸਮਾਜ ਨੂੰ ਸੰਵਿਧਾਨਕ ਮਾਨਤਾ ਨਹੀਂ ਦਿੱਤੀ।’’ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੱਛੜੀਆਂ ਸ਼੍ਰੇਣੀਆਂ ਦੇ ਵਿਕਾਸ ਲਈ ਕਈ ਕਦਮ ਚੁੱਕੇ ਹਨ। -ਪੀਟੀਆਈ