ਨਵੀਂ ਦਿੱਲੀ, 17 ਅਕਤੂਬਰ
ਸੀਨੀਅਰ ਨੌਕਰਸ਼ਾਹ ਐੱਸ. ਕਿਸ਼ੋਰ ਨੂੰ ਇੱਕ ਸਾਲ ਲਈ ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਦਾ ਮੁੜ ਚੇਅਰਮੈਨ ਲਾਇਆ ਗਿਆ ਹੈ। ਕਿਸ਼ੋਰ ਦਾ ਇਹ ਕਾਰਜਕਾਲ ਉਨ੍ਹਾਂ ਦੀ ਅਗਲੇ ਵਰ੍ਹੇ ਤੋਂ 31 ਜਨਵਰੀ ਨੂੰ ਸੇਵਾਮੁਕਤੀ ਬਾਅਦ ਇੱਕ ਸਾਲ 31 ਜਨਵਰੀ 2024 ਤੱਕ ਹੋਵੇਗਾ। ਇਹ ਜਾਣਕਾਰੀ ਅੱਜ ਪ੍ਰਸੋਨਲ ਮੰਤਰਾਲੇ ਵੱਲੋਂ ਇੱਕ ਹੁਕਮ ਵਿੱਚ ਦਿੱਤੀ ਗਈ।
ਉਹ ਪੱਛਮੀ ਬੰਗਾਲ ਦੇ 1989 ਬੈਚ ਦੇ ਆਈਏਐੱਸ ਅਧਿਕਾਰੀ ਹਨ। ਹੁਕਮਾਂ ਵਿੱਚ ਕਿਹਾ ਗਿਆ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਵੱਲੋਂ ਐੱਸ. ਕਿਸ਼ੋਰ ਨੂੰ ਸਟਾਫ ਸਿਲੈਕਸ਼ਨ ਕਮਿਸ਼ਨ ਦਾ ਦੁਬਾਰਾ ਚੇਅਰਮੈਨ ਲਾਉਣ ਦੇ ਹੁਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇੱਕ ਹੋਰ ਹੁਕਮ ਰਾਹੀਂ ਏਸੀਸੀ ਵੱਲੋਂ ਬਿਊਰੋ ਆਫ ਇੰਡੀਅਨ ਸਟੈਂਡਰਜ਼ ਦੇ ਡਾਇਰੈਕਟਰ ਜਨਰਲ ਪ੍ਰਮੋਦ ਕੁਮਾਰ ਤਿਵਾੜੀ ਦੀ ਕੇਂਦਰ ਵਿੱਚ ਡੈਪੂਟੇਸ਼ਨ ਦਾ ਕਾਰਜਕਾਲ 24 ਅਕਤੂਬਰ 2022 ਤੋਂ 23 ਜੂਨ 2024 ਤੱਕ ਵਧਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਿਯੁਕਤੀ ਕਮੇਟੀ ਨੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਦੇ ਡਾਇਰੈਕਟਰ ਅਹੁਦੇ, ਜਿਸ ’ਤੇ ਮੌਜੂਦਾ ਸਮੇਂ ਅਰਜੁਨ ਕੁਮਾਰ ਸਿਨਹਾ ਤਾਇਨਾਤ ਹਨ, ਨੂੰ ਉਨ੍ਹਾਂ ਦੀ ਸੇਵਾਮੁਕਤੀ 31 ਜੂਨ 2023 ਤੱਕ ਆਰਜ਼ੀ ਤੌਰ ’ਤੇ ਡਾਇਰੈਕਟਰ ਜਨਰਲ ਵਜੋਂ ਤਰੱਕੀ ਦੇਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ। -ਪੀਟੀਆਈ