ਮਾਸਕੋ, 22 ਅਗਸਤ
ਰੂਸ ਦੀ ਸਿਖਰਲੀ ਖ਼ੁਫੀਆ ਏਜੰਸੀ ਨੇ ਮੁਹੰਮਦ ਪੈਗੰਬਰ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਅੱਜ ਇਸਲਾਮਿਕ ਸਟੇਟ ਦੇ ਇੱਕ ਅਤਿਵਾਦੀ ਨੂੰ ਹਿਰਾਸਤ ਵਿੱਚ ਲਿਆ ਹੈ। ਰੂਸ ਦੀ ਫੈਡਰਲ ਸਕਿਉਰਿਟੀ ਸਰਵਿਸ (ਐੱਫਐੱਸਬੀ) ਨੇ ਦਾਅਵਾ ਕੀਤਾ ਕਿ ਕੇਂਦਰੀ ਏਸ਼ਿਆਈ ਦੇਸ਼ ਦਾ ਇਹ ਨਾਗਰਿਕ ਭਾਰਤ ਵਿੱਚ ਆਤਮਘਾਤੀ ਹਮਲੇ ਦੀ ਤਾਕ ਵਿੱਚ ਸੀ। ਸਰਕਾਰੀ ਖ਼ਬਰ ਏਜੰਸੀ ‘ਤਾਸ’ (ਟੀਏਐੱਸਐੱਸ) ਨੇ ਰੂਸ ਦੀ ਖੁਫ਼ੀਆ ਏਜੰਸੀ ਐੱਫਐੱਸਬੀ ਦੇ ਹਵਾਲੇ ਨਾਲ ਕਿਹਾ ਕਿ ਪਾਬੰਦੀਸ਼ੁਦਾ ਇਸਲਾਮਿਕ ਸਟੇਟ ਦੇ ਇੱਕ ਪ੍ਰਮੁੱਖ ਆਗੂ ਨੇ ਤੁਰਕੀ ਵਿੱਚ ਇਸ ਸਾਲ ਅਪਰੈਲ ਤੋਂ ਜੂਨ ਦਰਮਿਆਨ ਇੱਕ ਵਿਦੇਸ਼ੀ ਨਾਗਰਿਕ ਨੂੰ ਫਿਦਾਈਨ ਵਜੋਂ ਤਿਆਰ ਕੀਤਾ ਸੀ।