ਨਵੀਂ ਦਿੱਲੀ, 28 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੂਸ-ਯੂਕਰੇਨ ਵਿਵਾਦ ਤੋਂ ਇਹ ਗੱਲ ਉਜਾਗਰ ਹੋ ਗਈ ਹੈ ਕਿ ਮਿਲਟਰੀ ਹਾਰਡਵੇਅਰ (ਫ਼ੌਜੀ ਸਾਜ਼ੋ-ਸਾਮਾਨ) ਵਿੱਚ ਆਤਮ-ਨਿਰਭਰਤਾ ਅਹਿਮ ਲੋੜ ਬਣ ਗਈ ਹੈ। ਉਨ੍ਹਾਂ ਕੌਮੀ ਸੁਰੱਖਿਆ ਚੁਣੌਤੀਆਂ ਨਾਲ ਸਿੱਝਣ ਲਈ ਤਿੰਨੋਂ ਸੈਨਾਵਾਂ (ਜਲ, ਥਲ ਤੇ ਹਵਾਈ) ਨੂੰ ਤਾਲਮੇਲ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਰੱਖਿਆ ਮੰਤਰੀ ਇਥੇ ਜਲ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਰਾਜਨਾਥ ਸਿੰਘ ਨੇ ਕਿਹਾ ਕਿ ਭਵਿੱਖੀ ਜੰਗਾਂ ਦੇ ਟਾਕਰੇ ਲਈ ਤਾਲਮੇਲ ਨਾਲ ਮਿਲ ਕੇ ਕੰਮ ਕਰਨਾ ਕਾਫ਼ੀ ਅਹਿਮ ਹੋਵੇਗਾ ਅਤੇ ਫੌਜੀ ਕਮਾਂਡਾਂ ਦਾ ਪੁਨਰਗਠਨ ਤੇ ਥੀਏਟਰ ਕਮਾਂਡ ਦੀ ਸਥਾਪਨਾ ਅੱਗੇ ਦਾ ਪੈਂਡਾ ਹੈ। ਉਨ੍ਹਾਂ ਕਮਾਂਡਰਾਂ ਨੂੰ ਦੱਸਿਆ, ‘‘ਮੈਨੂੰ ਪਤਾ ਹੈ ਕਿ ਸਾਗਰੀ ਥੀਏਟਰ ਕਮਾਂਡ ਦੇ ਅਧਿਐਨ ਦੀ ਦਿਸ਼ਾ ਵਿੱਚ ਮੁਨਾਸਬ ਪੇਸ਼ਕਦਮੀ ਹੋਈ ਹੈ।’’ ਯੋਜਨਾ ਮੁਤਾਬਕ ਹਰੇਕ ਥੀਏਟਰ ਕਮਾਂਡ ਵਿੱਚ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੀਆਂ ਯੂਨਿਟਾਂ ਹੋਣਗੀਆਂ ਤੇ ਇਹ ਸਾਰੀਆਂ ਇਕ ਇਕਾਈ ਵਜੋਂ ਆਪਰੇਸ਼ਨਲ ਕਮਾਂਡਰ ਹੇਠ ਵਿਸ਼ੇਸ਼ ਭੂਗੋਲਿਕ ਭੂ-ਖੰਡ ਵਿੱਚ ਦਰਪੇਸ਼ ਰੱਖਿਆ ਚੁਣੌਤੀਆਂ ’ਤੇ ਨਜ਼ਰ ਰੱਖਣਗੀਆਂ। ਸਿੰਘ ਨੇ ਕਿਹਾ, ‘‘ਕੁੱਲ ਆਲਮ ਵਿੱਚ ਬਣੇ ਸੁਰੱਖਿਆ ਹਾਲਾਤ ਦੀ ਗੱਲ ਕਰੀਏ ਤਾਂ ਮੌਜੂਦਾ ਰੂਸ-ਯੂਕਰੇਨ ਵਿਵਾਦ ਨੇ ਇਕ ਵਾਰ ਫਿਰ ਆਤਮ-ਨਿਰਭਰਤਾ ਨੂੰ ਅਹਿਮ ਲੋੜ ਵਜੋਂ ਉਜਾਗਰ ਕੀਤਾ ਹੈ।’’
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਬਣੇ ਪਹਿਲੇ ਏਅਰਕ੍ਰਾਫ਼ਟ ਕੈਰੀਅਰ ਵਿਕਰਾਂਤ ਦੀ ਡਲਿਵਰੀ ਇਕ ਹੋਰ ਮੀਲਪੱਥਰ ਸਾਬਤ ਹੋਵੇਗੀ। ਸਮੁੰਦਰੀ ਬੇੜਾ ਪਾਣੀਆਂ ਵਿੱਚ ਤਿੰਨ ਟਰਾਇਲਾਂ ਨੂੰ ਸਫ਼ਲਾਪੂਰਵਕ ਮੁਕੰਮਲ ਕਰ ਚੁੱਕਾ ਹੈ। ਸਿੰਘ ਨੇ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਤੇ ਖ਼ੁਸ਼ਹਾਲੀ ਹਥਿਆਰਬੰਦ ਫੌਜਾਂ ’ਤੇ ਮੁਨੱਸਰ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਲਸੈਨਾ ਨੇ ਪਿਛਲੇ ਕਈ ਸਾਲਾਂ ਦੌਰਾਨ ਹਿੰਦ ਮਹਾਸਾਗਰ ਵਿੱਚ ਆਪਣੀ ਇਤਬਾਰੀ ਤੇ ਜ਼ਿੰਮੇਵਾਰੀ ਵਾਲੀ ਮੌਜੂਦਗੀ ਦਰਜ ਕੀਤੀ ਹੈ। ਉਨ੍ਹਾਂ ਜਲ ਸੈਨਾ ਨੂੰ ਉਸ ਦੀ ਪੇਸ਼ੇਵਾਰਾਨਾ ਪਹੁੰਚ ਤੇ ਸਮਰਪਣ ਭਾਵਨਾ ਲਈ ਵਧਾਈ ਦਿੱਤੀ। ਜਲ ਸੈਨਾ ਦੇ ਕਮਾਂਡਰਾਂ ਦੀ ਚਾਰ ਰੋਜ਼ਾ ਕਾਨਫਰੰਸ ਸੋਮਵਾਰ ਨੂੰ ਸ਼ੁਰੂ ਹੋਈ ਸੀ, ਜਿਸ ਦੌਰਾਨ ਨੇਵੀ ਕਮਾਂਡਰਾਂ ਨੇ ਦੇਸ਼ ਦੀ ਸਾਗਰੀ ਸੁਰੱਖਿਆ ਤਿਆਰੀਆਂ ਅਤੇ ਯੂਕਰੇਨ ਸੰਕਟ ਕਰਕੇ ਖੇਤਰੀ ਸੁਰੱਖਿਆ ਨੂੰ ਦਰਪੇਸ਼ ਸੰਭਾਵੀ ਉਲਝਣਾਂ ਬਾਰੇ ਵੀ ਚਰਚਾ ਕੀਤੀ। -ਪੀਟੀਆਈ