ਨਵੀਂ ਦਿੱਲੀ, 30 ਅਗਸਤ
ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਦਿਹਾਤੀ ਅਰਥਚਾਰੇ ਦੇ ਅਹਿਮ ਮਾਹਿਰਾਂ ’ਚੋਂ ਇੱਕ ਅਭਿਜੀਤ ਸੇਨ ਦਾ ਲੰਘੀ ਰਾਤ ਦੇਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ।
ਉਨ੍ਹਾਂ ਦੇ ਭਰਾ ਡਾ. ਪ੍ਰਣਬ ਸੇਨ ਨੇ ਦੱਸਿਆ, ‘ਅਭਿਜੀਤ ਸੇਨ ਨੂੰ ਰਾਤ ਕਰੀਬ 11 ਵਜੇ ਦਿਲ ਦਾ ਦੌਰਾ ਪਿਆ। ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਉਦੋਂ ਤੱਕ ਉਨ੍ਹਾਂ ਦਾ ਦੇਹਾਂਤ ਹੋ ਚੁੱਕਾ ਸੀ।’ ਉਨ੍ਹਾਂ ਦੱਸਿਆ ਕਿ ਅਭਿਜੀਤ ਸੇਨ ਪਿਛਲੇ ਕੁਝ ਸਾਲਾਂ ਤੋਂ ਸਾਹ ਸਬੰਧੀ ਬਿਮਾਰੀਆਂ ਤੋਂ ਪੀੜਤ ਸਨ ਜੋ ਕੋਵਿਡ-19 ਦੌਰਾਨ ਹੋਰ ਵਧ ਗਈਆਂ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਜੈਅੰਤੀ ਘੋਸ਼ ਤੇ ਧੀ ਜਾਨ੍ਹਵੀ ਹਨ। ਸੇਨ ਦੀ ਪਤਨੀ ਵੀ ਮੰਨੀ-ਪ੍ਰਮੰਨੀ ਅਰਥਸ਼ਾਸਤਰੀ ਹੈ।
ਸੇਨ ਦਾ ਕਾਰਜਕਾਲ ਚਾਰ ਦਹਾਕੇ ਤੋਂ ਵੱਧ ਲੰਮਾ ਰਿਹਾ। ਉਨ੍ਹਾਂ ਕੈਂਬਰਿਜ ਦੀ ਆਕਸਫੋਰਡ ਅਤੇ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਅਰਥਸ਼ਾਸਤਰ ਪੜ੍ਹਾਇਆ। ਕਈ ਅਹਿਮ ਸਰਕਾਰੀ ਅਹੁਦਿਆਂ ’ਤੇ ਵੀ ਉਨ੍ਹਾਂ ਆਪਣੀਆਂ ਸੇਵਾਵਾਂ ਦਿੱਤੀਆਂ ਜਿਨ੍ਹਾਂ ’ਚ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੇ ਮੁਖੀ ਦਾ ਅਹੁਦਾ ਵੀ ਸ਼ਾਮਲ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਸੇਨ 2004 ਤੋਂ 2014 ਤੱਕ ਯੋਜਨਾ ਕਮਿਸ਼ਨ ਦੇ ਮੈਂਬਰ ਰਹੇ। ਸੇਨ ਨੂੰ 2010 ’ਚ ਪਦਮ ਭੂਸ਼ਨ ਨਾਲ ਸਨਮਾਨਤ ਕੀਤਾ ਗਿਆ। 2014 ’ਚ ਕੌਮੀ ਜਮਹੂਰੀ ਗੱਠਜੋੜ (ਯੂਪੀਏ) ਦੇ ਸੱਤਾ ’ਚ ਆਉਣ ’ਤੇ ਸੇਨ ਨੂੰ ‘ਲੰਮੇ ਸਮੇਂ ਦੀ ਅਨਾਜ ਨੀਤੀ’ ਬਣਾਉਣ ਲਈ ਇੱਕ ਉੱਚ ਪੱਧਰੀ ਟਾਸਕ ਫੋਰਸ ਦੇ ਮੁਖੀ ਦਾ ਅਹੁਦਾ ਸੌਂਪਿਆ ਗਿਆ। -ਪੀਟੀਆਈ