ਜੰਮੂ, 10 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਰਐੱਸਐੱਸ ਅਤੇ ਭਾਜਪਾ ’ਤੇ ਜੰਮੂ ਕਸ਼ਮੀਰ ਦੇ ਰਲੇ-ਮਿਲੇ ਸੱਭਿਆਚਾਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਇਆ ਹੈ। ਜੰਮੂ ਦੇ ਦੋ ਦਿਨੀਂ ਦੌਰੇ ਦੇ ਦੂਜੇ ਦਿਨ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ,‘‘ਤੁਹਾਡੇ ਸਾਰਿਆਂ ’ਚ ਪ੍ਰੇਮ, ਭਾਈਚਾਰੇ ਅਤੇ ਸੱਭਿਆਚਾਰ ਦੀ ਸਾਂਝ ਹੈ। ਮੈਂ ਨਿਰਾਸ਼ ਹਾਂ ਕਿ ਆਰਐੱਸਐੱਸ ਅਤੇ ਭਾਜਪਾ ਇਸ ਸੱਭਿਆਚਾਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਹ ਪ੍ਰੇਮ ਅਤੇ ਭਾਈਚਾਰਕ ਸਾਂਝ ’ਤੇ ਹਮਲਾ ਕਰਦੇ ਹਨ। ਲੋਕ ਕਮਜ਼ੋਰ ਪੈ ਜਾਂਦੇ ਹਨ ਜਿਸ ਦੇ ਨਤੀਜੇ ਵਜੋਂ ਉਹ (ਸੰਘ ਅਤੇ ਭਾਜਪਾ) ਤੁਹਾਡੇ ਤੋਂ ਸੂਬੇ ਦਾ ਅਧਿਕਾਰ ਖੋਹ ਲੈਂਦੇ ਹਨ।’’
ਵੀਰਵਾਰ ਨੂੰ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨਾਂ ਮਗਰੋਂ ਅੱਜ ਕਾਂਗਰਸ ਆਗੂ ਨੇ ਇਕੱਠ ਨੂੰ ‘ਜੈ ਮਾਤਾ ਦੀ’ ਦਾ ਜੈਕਾਰਾ ਛੱਡਣ ਲਈ ਕਿਹਾ। ‘ਮੈਂ ਕੱਲ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਗਿਆ ਸੀ। ਉਥੇ ਮਾਤਾ ਦੁਰਗਾ, ਮਾਤਾ ਲਕਸ਼ਮੀ ਅਤੇ ਮਾਤਾ ਸਰਸਵਤੀ ਦੀਆਂ ਤਿੰਨ ਪਿੰਡੀਆਂ ਹਨ। ਮਾਤਾ ਦੁਰਗਾ ਸਾਡੀ ਰੱਖਿਆ ਕਰਦੇ ਹਨ। ਲਕਸ਼ਮੀ ਜੀ ਸੱਤਾ ਅਤੇ ਸਰਸਵਤੀ ਜੀ ਸਿੱਖਿਆ ਤੇ ਗਿਆਨ ਦੇ ਪ੍ਰਤੀਕ ਹਨ। ਜਦੋਂ ਇਹ ਤਿੰਨੋਂ ਸ਼ਕਤੀਆਂ ਤੁਹਾਡੇ ਘਰ ਅਤੇ ਮੁਲਕ ’ਚ ਹੋਣ ਤਾਂ ਤਰੱਕੀ ਤੈਅ ਹੈ।’ ਆਪਣੇ ਹੱਥ ਵੱਲ ਇਸ਼ਾਰਾ ਕਰਦਿਆਂ ਰਾਹੁਲ ਗਾਂਧੀ ਨੇ ਕਾਂਗਰਸ ਦੇ ਚੋਣ ਨਿਸ਼ਾਨ ਨੂੰ ਭਗਵਾਨ ਸ਼ਿਵ ਅਤੇ ਗੁਰੂ ਨਾਨਕ ਦੇਵ ਜੀ ਨਾਲ ਜੋੜਿਆ ਅਤੇ ਕਿਹਾ ਕਿ ਇਹ ਨਿਡਰ ਰਹਿਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹੱਥ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕਾਂ ਨੂੰ ਕਿਸੇ ਤੋਂ ਨਹੀਂ ਡਰਨਾ ਚਾਹੀਦਾ ਹੈ ਜਦਕਿ ਭਾਜਪਾ ਹਰ ਕਿਸੇ ਤੋਂ ਡਰਦੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਕਸ਼ਮੀਰੀ ਪੰਡਤ ਹਨ ਅਤੇ ਜਦੋਂ ਵੀ ਉਹ ਜੰਮੂ ਕਸ਼ਮੀਰ ਦੌਰੇ ’ਤੇ ਆਉਂਦੇ ਹਨ ਤਾਂ ਆਪਣੇ ਘਰ ਵਾਂਗ ਹੀ ਮਹਿਸੂਸ ਕਰਦੇ ਹਨ। ਉਧਰ ਭਾਜਪਾ ਨੇ ਰਾਹੁਲ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਸ਼ਮੀਰੀ ਪੰਡਤਾਂ ਦੀ ਰਾਖੀ ਲਈ ਕੁਝ ਨਹੀਂ ਕੀਤਾ। -ਪੀਟੀਆਈ