ਪੁੱਡੂਚੇਰੀ, 2 ਅਕਤੂਬਰ
ਤਾਮਿਲ ਨਾਡੂ ਸਰਕਾਰ ਵੱਲੋਂ ਰੂਟ ਮਾਰਚ ਦੀ ਮਨਜ਼ੂਰੀ ਨਾ ਦਿੱਤੇ ਜਾਣ ਦੇ ਬਾਵਜੂਦ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਅੱਜ ਗਾਂਧੀ ਜੈਅੰਤੀ ਮੌਕੇ ਪੁੱਡੂਚੇਰੀ ਵਿੱਚ ਮਾਰਚ ਕੱਢਿਆ। ਆਰਐੱਸਐੱਸ ਦੀ ਸ਼ਬਦਾਵਲੀ ਮੁਤਾਬਕ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ‘ਉਤਰ ਤਾਮਿਲ ਨਾਡੂ ਪ੍ਰਾਂਤ’ ਅਧੀਨ ਆਉਂਦਾ ਹੈ। ਸੰਗਠਨ ਦੇ ਕੰਮਕਾਜ ਲਈ ਆਰਐੱਸਐੱਸ ਦੀ ਤਾਮਿਲ ਨਾਡੂ ਯੂਨਿਟ ਦੋ ਹਿੱਸਿਆਂ ਦੱਖਣ ਤੇ ਉੱਤਰ ਪ੍ਰਾਂਤ ਵਿੱਚ ਵੰਡੀ ਹੋਈ ਹੈ। ਬਾਲਾਜੀ ਥੀਏਟਰ ਤੋਂ ਸ਼ੁਰੂ ਹੋਇਆ ਇਹ ਰੂਟ ਮਾਰਚ ਕੁਡਾਲੋਰ ਰੋਡ, ਨਹਿਹੂ ਰੋਡ, ਬੁੱਸੀ ਰੋਡ ਆਦਿ ਥਾਵਾਂ ਤੋਂ ਲੰਘਿਆ। ਆਰਐੱਸਐੱਸ ਅਹੁਦੇਦਾਰਾਂ ਮੁਤਾਬਕ ਆਰਐੱਸਐੱਸ ਵੱਲੋਂ ਆਪਣੇ ‘ਵਿਜੈਦਸ਼ਮੀ’ ਪ੍ਰੋਗਰਾਮ ਦੇ ਹਿੱਸੇ ਵਜੋਂ ਕੱਢੇ ਗਏ ਰੂਟ ਮਾਰਚ ਵਿੱਚ ਲਗਪਗ 1200 ਵਿਅਕਤੀ ਸ਼ਾਮਲ ਹੋਏ। ਇਹ ਸਾਲਾਨਾ ਪ੍ਰੋਗਰਾਮ ਸੰਗਠਨ ਦੇ ਸਥਾਪਨਾ ਦਿਵਸ ਮੌਕੇ ਕੱਢਿਆ ਜਾਂਦਾ ਹੈ। ਸਮਾਗਮ ਮੌਕੇ ਆਰਐੱਸਐੱਸ ਉੱਤਰ ਤਾਮਿਲ ਨਾਡੂ ਪ੍ਰਾਂਤ ਸਭਾ ਬੌਧਿਕ ਪ੍ਰਮੁੱਖ ਰਾਣਾ ਨੇ ਮੁੱਖ ਭਾਸ਼ਣ ਦਿੱਤਾ। ਦੱਸਣਯੋਗ ਹੈ ਕਿ ਤਾਮਿਲ ਨਾਡੂ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਆਰਐੱਸਐੱਸ ਨੂੰ ਰੂਟ ਮਾਰਚ ਕੱਢਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਖਿਆ ਸੀ ਕਿ ਇਸ ਨਾਲ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ। -ਪੀਟੀਆਈ