ਦਿਓਗੜ੍ਹ, 11 ਅਪਰੈਲ
ਝਾਰਖੰਡ ਦੇ ਦਿਓਗੜ੍ਹ ਜ਼ਿਲ੍ਹੇ ’ਚ ਵਾਪਰੇ ਰੋਪਵੇਅ ਹਾਦਸੇ ਕਾਰਨ ਕੇਬਲ ਕਾਰਾਂ ’ਚ ਫਸੇ ਲੋਕਾਂ ’ਚੋਂ 32 ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਇਸ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦਿਓਗੜ੍ਹ ਦੇ ਡਿਪਟੀ ਕਮਿਸ਼ਨਰ ਮੰਜੂਨਾਥ ਭਜੰਤਰੀ ਨੇ ਦੱਸਿਆ ਕਿ ਏਅਰ ਫੋਰਸ ਦੇ ਦੋ ਹੈਲੀਕਾਪਟਰਾਂ ਦੀ ਮਦਦ ਨਾਲ 32 ਜਣਿਆਂ ਨੂੰ ਬਚਾਅ ਲਿਆ ਗਿਆ ਹੈ ਜਦਕਿ 15 ਵਿਅਕਤੀ ਅਜੇ ਵੀ ਰੋਪਵੇਅ ਦੀਆਂ ਕੇਬਲ ਕਾਰਾਂ ’ਚ ਫਸੇ ਹੋਏ ਹਨ। ਉਨ੍ਹਾਂ ਨੂੰ ਡਰੋਨ ਦੀ ਮਦਦ ਨਾਲ ਖਾਣ-ਪੀਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਮਸ਼ਹੂਰ ਬਾਬਾ ਵੈਦਨਾਥ ਮੰਦਰ ਤੋਂ 20 ਕਿਲੋਮੀਟਰ ਦੂਰ ਤ੍ਰਿਕੁਟ ਪਹਾੜੀ ’ਤੇ ਲੰਘੀ ਸ਼ਾਮ 4 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਦੌਰਾਨ ਸਾਰੀਆਂ ਕੇਬਲ ਕਾਰਾਂ ਆਪਸ ’ਚ ਟਕਰਾ ਗਈਆਂ ਸਨ। ਇਸ ਹਾਦਸੇ ’ਚ 12 ਵਿਅਕਤੀ ਜ਼ਖ਼ਮੀ ਹੋਏ ਸਨ ਜਿਨ੍ਹਾਂ ’ਚੋਂ ਇੱਕ ਦੀ ਦੇਰ ਰਾਤ ਮੌਤ ਹੋ ਗਈ ਸੀ। ਇਕ ਵਿਅਕਤੀ ਦੀ ਅੱਜ ਬਚਾਅ ਮੁਹਿੰਮ ਦੌਰਾਨ ਹੈਲੀਕਾਪਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ।
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਬਚਾਅ ਕਾਰਜ ਏਅਰ ਫੋਰਸ, ਫੌਜ, ਐੱਨਡੀਆਰਐੱਫ ਤੇ ਆਈਟੀਬੀਪੀ ਵੱਲੋਂ ਸਾਂਝੇ ਤੌਰ ’ਤੇ ਚਲਾਏ ਜਾ ਰਹੇ ਹਨ। ਐਨਡੀਆਰਐੱਫ ਦੇ ਸਹਾਇਕ ਕਮਾਂਡੈਂਟ ਵਿਨੈ ਕੁਮਾਰ ਸਿੰਘ ਨੇ ਕਿਹਾ ਕਿ ਹੁਣ ਤੱਕ 25 ਵਿਅਕਤੀਆਂ ਨੂੰ ਬਚਾਇਆ ਜਾ ਚੁੱਕਾ ਹੈ ਜਦਕਿ ਕਈ ਹੋਰ ਵਿਅਕਤੀ ਟਰਾਲੀਆਂ ’ਚ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। -ਪੀਟੀਆਈ