ਨਵੀਂ ਦਿੱਲੀ, 13 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਝਾਰਖੰਡ ਵਿੱਚ ਰੋਪਵੇਅ ਹਾਦਸੇ ਦੌਰਾਨ ਬਚਾਅ ਕਾਰਜਾਂ ਵਿੱਚ ਜੁਟੀਆਂ ਏਜੰਸੀਆਂ ਵੱਲੋਂ ਵਿਖਾਈ ਦਲੇਰੀ ਦੀ ਪੂਰਾ ਦੇਸ਼ ਸ਼ਲਾਘਾ ਕਰਦਾ ਹੈ। ਉਨ੍ਹਾਂ ਰਾਹਤ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪੂਰਾ ਅਮਲ ‘ਸਬਕਾ ਪ੍ਰਯਾਸ’ (ਸਾਰਿਆਂ ਵੱਲੋਂ ਮਿਲ ਕੇ ਯਤਨਾਂ) ਦੀ ਉੱਤਮ ਮਿਸਾਲ ਹੈ। ਸ੍ਰੀ ਮੋਦੀ ਇਸ ਪੂਰੇ ਅਪਰੇਸ਼ਨ ਵਿੱਚ ਸ਼ਾਮਲ ਵੱਖ ਵੱਖ ਏਜੰਸੀਆਂ ਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਦੇ ਰੂਬਰੂ ਹੋਣ ਮੌਕੇ ਬੋਲ ਰਹੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਇਸ ਘਟਨਾ/ਸੰਕਟ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਕਦੇ ਵੀ ਦੇਸ਼ ਉੱਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਰੇ ਜਣੇ ਇਕਜੁੱਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰੋਪਵੇਅ ਵਿੱਚ ਫਸੇ ਲੋਕਾਂ ਨੂੰ ਬਚਾਉਣ ਵਿੱਚ ਇਨ੍ਹਾਂ ਸਮੂਹਿਕ ਯਤਨਾਂ ਦੀ ਵੱਡੀ ਭੂਮਿਕਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਰਾਹਤ ਕਾਰਜ ਸੰਵੇਦਨਸ਼ੀਲਤਾ, ਸਿਆਣਪ ਤੇ ਬਹਾਦਰੀ ਦੀ ਮਿਸਾਲ ਹੈ। ਸ੍ਰੀ ਮੋਦੀ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਵੀ ਜ਼ਾਹਿਰ ਕੀਤੀ। -ਪੀਟੀਆਈ