ਨਵੀਂ ਦਿੱਲੀ, 22 ਫਰਵਰੀ
ਨੱਬੇ ਰੋਹਿੰਗੀਆ ਸ਼ਰਨਾਰਥੀਆਂ ਤੇ ਚਾਲਕ ਅਮਲੇ ਵਿਚ ਸ਼ਾਮਲ ਤਿੰਨ ਬੰਗਲਾਦੇਸ਼ੀਆਂ ਨਾਲ ਭਰੀ ਇਕ ਕਿਸ਼ਤੀ ਵਹਿ ਕੇ ਭਾਰਤੀ ਪਾਣੀਆਂ ’ਚ ਆ ਗਈ ਹੈ। ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਤੇ ਕਈ ਮਨੁੱਖੀ ਹੱਕ ਸੰਗਠਨਾਂ ਨੇ ਇਨ੍ਹਾਂ ਨੂੰ ‘ਤੁਰੰਤ’ ਬਚਾਉਣ ਦੀ ਅਪੀਲ ਕੀਤੀ ਹੈ। ਕਮਿਸ਼ਨਰ ਨੇ ਭਾਰਤ, ਬੰਗਲਾਦੇਸ਼ ਤੇ ਮਿਆਂਮਾਰ ਨੂੰ ਤੁਰੰਤ ਇਨ੍ਹਾਂ ਦੀ ਭਾਲ ਕਰ ਕੇ ਜਾਨਾਂ ਬਚਾਉਣ ਲਈ ਕਿਹਾ ਹੈ। ਕਿਸ਼ਤੀ ਵਿਚ ਸੈਟੇਲਾਈਟ ਫੋਨ ਸੀ ਤੇ ਅਮਲੇ ਨੇ ਮਨੁੱਖੀ ਹੱਕਾਂ ਲਈ ਕੰਮ ਕਰਦੇ ਸੰਗਠਨ ‘ਅਰਾਕਨ ਪ੍ਰਾਜੈਕਟ’ ਨੂੰ ਕਿਸ਼ਤੀ ਵਿਚ 65 ਰੋਹਿੰਗੀਆ ਔਰਤਾਂ ਤੇ ਲੜਕੀਆਂ ਦੇ ਹੋਣ ਬਾਰੇ ਦੱਸਿਆ ਹੈ। ਇਸ ਤੋਂ ਇਲਾਵਾ ਦੋ ਸਾਲ ਤੋਂ ਘੱਟ ਉਮਰ ਦੇ ਪੰਜ ਬੱਚੇ ਤੇ 20 ਪੁਰਸ਼ ਵੀ ਕਿਸ਼ਤੀ ਵਿਚ ਹਨ। ਕਿਸ਼ਤੀ ਦੇ ਇੰਜਣ ਨੇ ਛੇ ਦਿਨ ਪਹਿਲਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਇਹ ਪਾਣੀ ਦੇ ਵਹਾਅ ਨਾਲ ਭਾਰਤ ਦੇ ਅੰਡੇਮਾਨ ਟਾਪੂ ਵੱਲ ਆ ਗਈ ਹੈ। ਥਾਈਲੈਂਡ ਅਧਾਰਿਤ ‘ਅਰਾਕਨ ਪ੍ਰਾਜੈਕਟ’ ਦੀ ਡਾਇਰੈਕਟਰ ਕ੍ਰਿਸ ਲੀਵਾ ਨੇ ਦੱਸਿਆ ਕਿ ਸ਼ਰਨਾਰਥੀ 11 ਫਰਵਰੀ ਨੂੰ ਬੰਗਲਾਦੇਸ਼ ਦੇ ਤੱਟੀ ਕਸਬੇ ਤੋਂ ਕਿਸ਼ਤੀ ਵਿਚ ਸਵਾਰ ਹੋਏ ਸਨ। ਉਹ ਦੱਖਣ-ਪੂਰਬੀ ਏਸ਼ੀਆ ਵੱਲ ਵੱਧ ਰਹੇ ਸਨ ਤੇ ਇੰਜਣ ਖਰਾਬ ਹੋ ਗਿਆ। ਉਨ੍ਹਾਂ ਦੱਸਿਆ ਕਿ 90 ਵਿਚੋਂ ਅੱਠ ਜਣਿਆਂ ਦੀ ਤਾਂ ਮੌਤ ਹੋ ਚੁੱਕੀ ਹੈ। ਕ੍ਰਿਸ ਮੁਤਾਬਕ ਉਨ੍ਹਾਂ ਕੋਲ ਨਾ ਤਾਂ ਪੀਣ ਲਈ ਪਾਣੀ ਹੈ ਨਾ ਭੋਜਨ। ਉਹ ਸਮੁੰਦਰ ਦਾ ਪਾਣੀ ਹੀ ਪੀ ਰਹੇ ਹਨ। ਦਸਤ ਲੱਗ ਰਹੇ ਹਨ ਤੇ ਕਈ ਦਮ ਤੋੜ ਰਹੇ ਹਨ। ਜ਼ਿਕਰਯੋਗ ਹੈ ਕਿ ਦੁਨੀਆ ਵਿਚ ਸਭ ਤੋਂ ਵੱਧ ਸਤਾਏ ਜਾ ਰਹੇ ਰੋਹਿੰਗੀਆ ਮੁਸਲਮਾਨ ਜ਼ਿਆਦਾਤਰ ਮੁਸਲਿਮ ਬਹੁਗਿਣਤੀ ਵਾਲੇ ਮਲੇਸ਼ੀਆ ਦਾ ਰੁਖ਼ ਕਰਦੇ ਹਨ। ਕ੍ਰਿਸ ਨੇ ਕਿਹਾ ਕਿ ਸਿਰਫ਼ ਭਾਰਤੀ ਜਲ ਸੈਨਾ ਤੇ ਤੱਟ ਰੱਖਿਅਕ ਹੀ ਉਨ੍ਹਾਂ ਨੂੰ ਬਚਾਅ ਸਕਦੇ ਹਨ। ਸੰਗਠਨ ਨੇ ਸੰਯੁਕਤ ਰਾਸ਼ਟਰ ਮਨੁੱੱਖੀ ਅਧਿਕਾਰ ਕੌਂਸਲ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ।
ਇਸ ਤੋਂ ਇਲਾਵਾ ਢਾਕਾ ਵਿਚ ਪੱਛਮੀ ਦੇਸ਼ਾਂ ਦੇ ਦੂਤਾਵਾਸਾਂ ਨੂੰ ਵੀ ਦੱਸਿਆ ਗਿਆ ਹੈ। ਕ੍ਰਿਸ ਲੀਵਾ ਮੁਤਾਬਕ ਕਿਸ਼ਤੀ ਦੇ ਅਮਲੇ ਨੇ ਆਪਣੇ ਨੇੜਲੇ ਇਲਾਕੇ ’ਚ ਭਾਰਤੀ ਜਲ ਸੈਨਾ ਨੂੰ ਗਸ਼ਤ ਕਰਦਿਆਂ ਦੇਖਿਆ ਹੈ।
-ਆਈਏਐਨਐੱਸ
‘ਪਛਾਣ ਯਕੀਨੀ ਬਣਾਉਣ ਦਾ ਯਤਨ ਕਰ ਰਹੀ ਹੈ ਭਾਰਤੀ ਜਲ ਸੈਨਾ’
ਮਨੁੱਖੀ ਹੱਕ ਸੰਗਠਨ ‘ਅਰਾਕਨ ਪ੍ਰਾਜੈਕਟ’ ਦੀ ਡਾਇਰੈਕਟਰ ਕ੍ਰਿਸ ਲੀਵਾ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦੇ ਸੂਤਰਾਂ ਨੇ ਕਿਹਾ ਹੈ ਕਿ ‘ਉਹ ਕਿਸ਼ਤੀ ਦੀ ਪਛਾਣ ਯਕੀਨੀ ਬਣਾਉਣ ਦਾ ਯਤਨ ਕਰ ਰਹੇ ਹਨ ਜਿਹੜੀ ਕਿ ਵਹਿ ਕੇ ਅੰਡੇਮਾਨ ਟਾਪੂ ਲਾਗੇ ਭਾਰਤੀ ਪਾਣੀਆਂ ਵਿਚ ਆ ਗਈ ਹੈ।’ ਲੀਵਾ ਨੇ ਕਿਹਾ ਕਿ ਉਸ ਨੇ ਭਾਰਤ ਸਰਕਾਰ ਨੂੰ ਸਿੱਧੀ ਅਪੀਲ ਕਰਨ ਦਾ ਫ਼ੈਸਲਾ ਲਿਆ ਹੈ। ਉਸ ਨੇ ਕਿਹਾ ਕਿ ਭਾਰਤੀ ਤੱਟ ਰੱਖਿਅਕਾਂ ਨੇ ਕਿਸ਼ਤੀ ਦੇਖੀ ਹੈ ਤੇ ਉਨ੍ਹਾਂ ਨੂੰ ਸ਼ਰਨਾਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ।