ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜਨਵਰੀ
ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਲੀ ਦੀ ਸੁਰੱਖਿਆ ਵਧਾਉਂਦਿਆਂ ਦਿੱਲੀ ਪੁਲੀਸ ਵੱਲੋਂ ਥਾਂ-ਥਾਂ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅੱਜ ਦਿੱਲੀ ਪੁਲੀਸ ਵੱਲੋਂ ਦਿੱਲੀ-ਕਰਨਾਲ ਮਾਰਗ (ਕੌਮੀ ਸ਼ਾਹ ਰਾਹ-1) ’ਤੇ ਅਲੀਪੁਰ ਪਿੰਡ ਨੇੜੇ ਬੈਰੀਕੇਡਿੰਗ ਕਰਨ ਕਰਕੇ ਦਿੱਲੀ ਵੱਲ ਜਾਂਦੀ ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਤੇ ਦੋ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਇਸ ਜਾਮ ਕਾਰਨ ਬੁਰਾੜੀ, ਬੁੱਧਪੁਰ, ਅਲੀਪੁਰ ਦੇ ਅੰਦਰੂਨੀ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਮੁਕਰਬਾ ਚੌਕ ’ਤੇ ਵੀ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਉਧਰ, ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਲੋਕਾਂ ਨੂੰ ਖੱਜਲ ਕਰਨ ਲਈ ਉਨ੍ਹਾਂ ਮਾਰਗਾਂ ’ਤੇ ਰੋੋਕਾਂ ਲਾ ਰਹੀ ਹੈ, ਜਿੱਥੋਂ ਜ਼ਿਆਦਾ ਗੱਡੀਆਂ ਲੰਘਦੀਆਂ ਹਨ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੋਸ਼ ਲਾਇਆ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਮੱਦੇਨਜ਼ਰ ਪੁਲੀਸ ਵੱਲੋਂ ਲੋਕਾਂ ਨੂੰ ਤੰਗ ਕਰ ਕੇ ਕਿਸਾਨਾਂ ਦੇ ਮੋਰਚਿਆਂ ਨੂੰ ਅਸਿੱਧੇ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।