ਨਵੀਂ ਦਿੱਲੀ, 13 ਸਤੰਬਰ
ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੇ ਅੱਜ ਇੱਥੇ ਅਮਰੀਕਾ ਦੇ ਰਾਸ਼ਟਰਪਤੀ ਦੇ ਜਲਵਾਯੂ ਨਾਲ ਸਬੰਧਤ ਵਿਸ਼ੇਸ਼ ਸਫ਼ੀਰ ਜੋਹਨ ਕੈਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਲਵਾਯੂ ਤਬਦੀਲੀ ਅਤੇ ਊਰਜਾ ਸਬੰਧੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਭਾਰਤ ਤੇ ਅਮਰੀਕਾ ਨੇ ਸੋਮਵਾਰ ਨੂੰ ਭਾਰਤ-ਅਮਰੀਕਾ ਜਲਵਾਯੂ ਤੇ ਸਾਫ਼ ਊਰਜਾ ਦੇ ਏਜੰਡੇ 2030 ਦੀ ਸਾਂਝੇਦਾਰੀ ਅਧੀਨ ਜਲਵਾਯੂ ਐਕਸ਼ਨ ਤੇ ਵਿੱਤੀ ਲਾਮਬੰਦੀ ਵਾਰਤਾ (ਸੀਏਐੱਫਐੱਮਡੀ) ਦੀ ਸ਼ੁਰੂਆਤ ਵੀ ਕੀਤੀ। ਜ਼ਿਕਰਯੋਗ ਹੈ ਕਿ ਕੈਰੀ ਨੇ ਸਿੰਘ ਨਾਲ ਜਲਵਾਯੂ ਤਬਦੀਲੀ ਅਤੇ ਊਰਜਾ ਤਬਦੀਲੀ ਨਾਲ ਸਬੰਧਿਤ ਵੱਖ-ਵੱਖ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਇਸ ਤੋਂ ਬਾਅਦ ਕੈਰੀ ਦੀ ਅਗਵਾਈ ਹੇਠਲੇ ਵਫ਼ਦ ਨੇ ਸਿੰਘ ਤੇ ਉਨ੍ਹਾਂ ਦੇ ਸਿਖਰਲੇ ਅਧਿਕਾਰੀਆਂ ਨਾਲ ਉਨ੍ਹਾਂ ਸਾਰੇ ਮੁੱਦਿਆਂ ਸਬੰਧੀ ਸੰਵਾਦ ਰਚਾਇਆ। ਜ਼ਿਕਰਯੋਗ ਹੈ ਕਿ ਸੀਏਐੱਫਐੱਮਡੀ, ਅਮਰੀਕ-ਭਾਰਤ ਏਜੰਡੇ ਸਬੰਧੀ ਸਾਂਝੇਦਾਰੀ ਦੇ ਦੋ ਅਹਿਮ ਨੁਕਤਿਆਂ ਵਿੱਂਚੋਂ ਇਕ ਹੈ ਜਿਸ ਦਾ ਐਲਾਨ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਰੈਲ 2021 ਵਿੱਚ ਜਲਵਾਯੂ ਸਬੰਧੀ ਹੋਏ ਸੰਮੇਲਨ ਦੌਰਾਨ ਕੀਤਾ ਸੀ। ਕੇਂਦਰੀ ਮੰਤਰੀਆਂ ਅਤੇ ਹੋਰ ਸਿਖਰਲੇ ਆਗੂਆਂ ਤੋਂ ਇਲਾਵਾ ਕੈਰੀ ਆਪਣੇ ਦੌਰੇ ਦੌਰਾਨ ਨਿੱਜੀ ਖੇਤਰ ਦੇ ਆਗੂਆਂ ਨੂੰ ਵੀ ਮਿਲਣਗੇ ਅਤੇ ਆਲਮੀ ਪੱਧਰ ’ਤੇ ਜਲਵਾਯੂ ਦੇ ਸੁਧਾਰ ਲਈ ਕੀਤੇ ਯਤਨਾਂ ਬਾਰੇ ਚਰਚਾ ਕਰਨਗੇ। ਊਰਜਾ ਮੰਤਰਾਲੇ ਦੇ ਬਿਆਨ ਮੁਤਾਬਕ ਮੀਟਿੰਗ ਦਾ ਉਦੇਸ਼ ਜਲਵਾਯੂ ਤਬਦੀਲੀ ਦੇ ਮੁੱਦਿਆਂ ਸਬੰਧੀ ਭਵਿੱਖੀ ਸਹਿਯੋਗ ਅਤੇ ਦੋ ਮੁਲਕਾਂ ਵਿਚਾਲੇ ਸਾਂਝੇਦਾਰੀ ਲਈ ਕੰਮ ਕਰਨਾ ਹੈ। ਇਸ ਦੌਰਾਨ ਵਾਤਾਵਰਨ ਐਕਸ਼ਨ ਅਤੇ ਵਿੱਤੀ ਲਾਮਬੰਦੀ ਵਾਰਤਾ ਦੇ ਆਗਾਜ਼ ਮੌਕੇ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਵਾਤਾਵਰਨ ਬਦਲਾਅ ਵੱਡੀ ਆਲਮੀ ਚੁਣੌਤੀ ਹੈ ਅਤੇ ਭਾਰਤ ਇਸ ਦੇ ਟਾਕਰੇ ਲਈ ਵਚਨਬੱਧ ਹੈ। -ਪੀਟੀਆਈ