ਪਟਨਾ, 26 ਦਸੰਬਰ
ਰਾਸ਼ਟਰੀ ਜਨਤਾ ਦਲ ਨੇ ਅੱਜ ਸੰਕੇਤ ਦਿੱਤਾ ਕਿ ਜੇ ਅਰੁਣਾਚਲ ਪ੍ਰਦੇਸ਼ ਵਿਚ ਦਲਬਦਲੀਆਂ ਦੇ ਘਟਨਾਕ੍ਰਮ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਨਾਲੋਂ ਸਬੰਧ ਤੋੜ ਲੈਂਦੇ ਹਨ ਤਾਂ ਉਨ੍ਹਾਂ ਨਾਲ ਨਵੇਂ ਸਿਰਿਓਂ ਗੱਠਜੋੜ ਦੀ ਸੰਭਾਵਨਾ ਬਣ ਸਕਦੀ ਹੈ।
ਹਾਲਾਂਕਿ ਆਰਜੇਡੀ ਦੇ ਕੌਮੀ ਉਪ ਪ੍ਰਧਾਨ ਸ਼ਿਵਾਨੰਦ ਤਿਵਾੜੀ ਨੇ ਸਪੱਸ਼ਟ ਕੀਤਾ ਕਿ ਗੇਂਦ ਹੁਣ ਜੇਡੀ(ਯੂ) ਦੇ ਪਾਲੇ ਵਿਚ ਹੈ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਰੁਣਾਚਲ ਪ੍ਰਦੇਸ਼ ਵਿਚ ਜੇਡੀ(ਯੂ) ਵਿਧਾਇਕਾਂ ਦੇ ਸਮੂਹਿਕ ਰੂਪ ਵਿਚ ਭਾਜਪਾ ਵਿਚ ਸ਼ਾਮਲ ਹੋਣ ਦਾ ਮਕਸਦ ‘ਪੁਰਾਣੀਆਂ ਗੱਲਾਂ ਦਾ ਬਦਲਾ ਲੈਣਾ ਹੈ।’ ਤਿਵਾੜੀ ਨੇ ਦਹਾਕਾ ਪਹਿਲਾਂ ਦੀ ਘਟਨਾ ਦਾ ਜ਼ਿਕਰ ਕੀਤਾ ਜਦ ਨਿਤੀਸ਼ ਨੇ ਭਾਜਪਾ ਦੀ ਕੌਮੀ ਕਾਰਜਕਾਰਨੀ ਵਿਚ ਹਿੱਸਾ ਲੈਣ ਪਟਨਾ ਆਏ ਪਾਰਟੀ ਆਗੂਆਂ ਲਈ ਰੱਖਿਆ ਰਾਤਰੀ ਭੋਜ ਰੱਦ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਨਿਤੀਸ਼ ਨੇ ਉਸ ਵੇਲੇ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਭਾਜਪਾ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਉਹ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਸਨ। ਉਨ੍ਹਾਂ ਕਿਹਾ ਕਿ ਮੋਦੀ ਅਜਿਹੇ ਵਿਅਕਤੀ ਹਨ ਜੋ ਇਸ ਗੱਲ ਨੂੰ ਭੁੱਲਣ ਤੇ ਮੁਆਫ਼ ਕਰਨ ਵਾਲੇ ਨਹੀਂ ਹਨ। ਆਰਜੇਡੀ ਆਗੂ ਨੇ ਸਵਾਲ ਕੀਤਾ ਕਿ ਅਰੁਣਾਚਲ ਪ੍ਰਦੇਸ਼ ਵਿਚ ਜੇਡੀ(ਯੂ) ਦੇ ਛੇ ਵਿਧਾਇਕਾਂ ਦੇ ਭਾਜਪਾ ਵਿਚ ਜਾਣ ਦੀ ਕੀ ਵਿਆਖਿਆ ਕੀਤੀ ਜਾ ਸਕਦੀ ਹੈ, ਜਦਕਿ ਭਾਜਪਾ ਪਹਿਲਾਂ ਹੀ ਰਾਜ ਵਿਚ ਬਹੁਮੱਤ ਵਿਚ ਹੈ। -ਪੀਟੀਆਈ