ਸੋਨਪੁਰ (ਬਿਹਾਰ), 31 ਅਕਤੂਬਰ
ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਆਰਜੇਡੀ ਅਤੇ ਕਾਂਗਰਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ’ਚ ਅੜਿੱਕੇ ਡਾਹੇ। ਉਨ੍ਹਾਂ ਦੋਸ਼ ਲਾਇਆ ਕਿ ਆਰਜੇਡੀ ‘ਅਰਾਜਕਤਾ’ ਲਈ ਜਾਣੀ ਜਾਂਦੀ ਹੈ ਜਦਕਿ ਕਾਂਗਰਸ ‘ਮੁਲਕ ਵਿਰੋਧੀ ਪਾਰਟੀ’ ਹੈ। ਉਨ੍ਹਾਂ ਕਿਹਾ ਕਿ ਸਰਵਉੱਚ ਅਦਾਲਤ ਦਾ ਫ਼ੈਸਲਾ ਰਾਮ ਮੰਦਿਰ ਦੇ ਪੱਖ ’ਚ ਆਇਆ ਤੇ ਅਯੁੱਧਿਆ ’ਚ ਇਸ ਸਮੇਂ ਰਾਮ ਮੰਦਿਰ ਦੀ ਉਸਾਰੀ ਚੱਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ,‘ਦੇਸ਼ ’ਚ ਹਰ ਵਿਅਕਤੀ ਅਯੁੱਧਿਆ ’ਚ ਰਾਮ ਜਨਮ ਭੂਮੀ ਵਿਖੇ ਰਾਮ ਮੰਦਿਰ ਬਣਿਆ ਵੇਖਣਾ ਚਾਹੁੰਦਾ ਸੀ ਪਰ ਕਾਂਗਰਸ ਨੇ ਕੇਸ ਨੂੰ ਲਟਕਾਉਣ ਲਈ ਸਭ ਕੁਝ ਕੀਤਾ।’ ਇਸੇ ਦੌਰਾਨ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਤੇਜਸਵੀ ’ਤੇ ਹੱਲਾ ਬੋਲਦਿਆਂ ਕਿਹਾ ਕਿ ਜਿਹੜੇ ਲੋਕ ਨਿਤੀਸ਼ ਕੁਮਾਰ, ਜਿਨ੍ਹਾਂ ਇੰਜਨੀਅਰਿੰਗ ਕੀਤੀ ਹੋਈ ਹੈ, ਦੀ ਆਲੋਚਨਾ ਕਰ ਰਹੇ ਹਨ ਊਹ ਖੁਦ 10ਵੀਂ ਵੀ ਪਾਸ ਨਹੀਂ ਕਰ ਸਕੇ ਤੇ ਊਨ੍ਹਾਂ ਨੂੰ ਤਾਂ ਕੈਬਨਿਟ ਦੇ ਸਪੈਲਿੰਗ ਲਿਖਣੇ ਨਹੀਂ ਆਊਂਦੇ ਹਨ। -ਪੀਟੀਆਈ
ਚਾਰ ਰੈਲੀਆਂ ’ਚ ਅੱਜ ਪੁੱਜਣਗੇ ਮੋਦੀ
ਮੋਤੀਹਾਰੀ/ਸਮਸਤੀਪੁਰ (ਬਿਹਾਰ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਬਿਹਾਰ ’ਚ ਐੱਨਡੀਏ ਉਮੀਦਵਾਰਾਂ ਦੇ ਹੱਕ ’ਚ ਚਾਰ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਦੇ ਰਾਜਸੀ ਗੜ੍ਹ ਛਪਰਾ ਵਿੱਚ ਰੈਲੀ ਕਰ ਕੇ ਆਪਣਾ ਚੋਣ ਦੌਰਾ ਸ਼ੁਰੂ ਕਰਨਗੇ। ਇਸ ਮਗਰੋਂ ਉਹ ਸਮਸਤੀਪੁਰ ’ਚ ਹਾਊਸਿੰਗ ਬੋਰਡ ਗਰਾਊਂਡ ’ਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਮਗਰੋਂ ਉਹ ਮੋਤੀਹਾਰੀ ’ਚ ਗਾਂਧੀ ਮੈਦਾਨ ’ਚ ਸੰਬੋਧਨ ਕਰਨਗੇ ਅਤੇ ਇਸ ਤੋਂ ਬਾਅਦ ਬਗਹਾ ’ਚ ਚੋਣ ਰੈਲੀ ’ਚ ਸੰਬੋਧਨ ਕਰਨ ਮਗਰੋਂ ਆਪਣਾ ਚੋਣ ਦੌਰਾ ਸਮਾਪਤ ਕਰਨਗੇ। -ਪੀਟੀਆਈ