ਪਟਨਾ, 2 ਜੂਨ
ਕਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਬਿਹਾਰ ਵਿੱਚ ਸਿਹਤ ਢਾਂਚੇ ’ਚ ਆਏ ਨਿਘਾਰ ਲਈ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਭਾਜਪਾ ਨੂੰ ਦੋਸ਼ੀ ਠਹਿਰਾਇਆ ਹੈ। ਆਰਜੇਡੀ ਦੇ ਬੁਲਾਰੇ ਚਿਤਰੰਜਨ ਗਗਨ ਨੇ ਕਿਹਾ ਕਿ ਬਿਹਾਰ ਦਾ ਪੇਂਡੂ ਸਿਹਤ ਢਾਂਚਾ ਸਾਲ 2005 (ਯੋਜਨਾ ਕਮਿਸ਼ਨ ਦੀ ਰਿਪੋਰਟ ਮੁਤਾਬਕ) ਵਿੱਚ 12ਵੇਂ ਨੰਬਰ ’ਤੇ ਸੀ, ਜੋ 2019-20 (ਨੀਤੀ ਆਯੋਗ ਦੀ ਰਿਪੋਰਟ ਮੁਤਾਬਕ) ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਭਾਜਪਾ ਸਾਲ 2005 ਤੋਂ ਨਿਤਿਸ਼ ਕੁਮਾਰ ਨਾਲ ਗੱਠਜੋੜ ਕਰਕੇ ਸੱਤਾ ਵਿੱਚ ਚੱਲੀ ਆ ਰਹੀ ਹੈ। ਇਨ੍ਹਾਂ 15 ਸਾਲਾਂ ਦੌਰਾਨ ਬਿਹਾਰ ਦਾ ਸਿਹਤ ਮੰਤਰੀ ਭਾਜਪਾ ਨਾਲ ਸਬੰਧਿਤ ਰਿਹਾ ਹੈ। ਆਰਜੇਡੀ ਬੁਲਾਰੇ ਦੀ ਇਹ ਪ੍ਰਤੀਕਿਰਿਆ ਭਾਜਪਾ ਆਗੂ ਸੁਸ਼ੀਲ ਮੋਦੀ ਵੱਲੋਂ ਲਾਲ ਪ੍ਰਸਾਦ ਯਾਦਵ ਤੇ ਰਾਬੜੀ ਦੇਵੀ ਨੂੰ ਉਨ੍ਹਾਂ ਦੀ 48ਵੀਂ ਵਿਆਹ ਵਰ੍ਹੇਗੰਢ ’ਤੇ ਵਧਾਈ ਦੇਣ ਤੋਂ ਬਾਅਦ ਆਈ ਹੈ।
ਇਸ ਦੌਰਾਨ ਉਨ੍ਹਾਂ ਨੇ ਨਾਲ ਹੀ ਟਵੀਟ ਕਰਕੇ ਸਵਾਲ ਪੁੱਛੇ ਸਨ ਕਿ ਆਰਜੇਡੀ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਹਸਪਤਾਲ ਖੁੱਲ੍ਹੇ ਸਨ। ਉਹ ਰਾਬੜੀ ਦੇਵੀ ਦੀ ਸਰਕਾਰ ਦੌਰਾਨ ਕਿਉਂ ਬੰਦ ਹੋ ਗਏ? ਉਨ੍ਹਾਂ ਕਿਹਾ, ‘‘ਨਰਿੰਦਰ ਮੋਦੀ ਅਤੇ ਨਿਤੀਸ਼ ਕੁਮਾਰ ਦੀ ਹਰ ਨੀਤੀ ਫੇਲ੍ਹ ਹੋਣ ਮਗਰੋਂ ਤੁਸੀਂ ਦੋਸ਼ ਲਾਲੂ ਪ੍ਰਸਾਦ ਅਤੇ ਤੇਜਸ਼ਵੀ ਯਾਦਵ ’ਤੇ ਮੜ੍ਹ ਦਿੰਦੇ ਹੋ। ਤੁਸੀਂ ਇਸ ਸਮੇਂ ਬਿਹਾਰ ਵਿੱਚ 57 ਫ਼ੀਸਦੀ ਡਾਕਟਰਾਂ, 71 ਫ਼ੀਸਦੀ ਨਰਸਾਂ, 72 ਫ਼ੀਸਦੀ ਮੈਡੀਕਲ ਟੈਕਨੀਸ਼ੀਅਨਾਂ, 50 ਫ਼ੀਸਦੀ ਏਐੱਨਐਮ ਅਤੇ 80 ਫ਼ੀਸਦੀ ਵੈਂਟੀਲੇਟਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਬਾਰੇ ਗੱਲ ਕਿਉਂ ਨਹੀਂ ਕਰਦੇ।’’ ਆਈਏਐੱਨਐੱਸ