ਮੁੰਬਈ, 9 ਸਤੰਬਰ
ਨਾਰਕੋਟਿਕਸ ਕੰਟਰੋਲ ਬਿਓਰੋ (ਐੱਨਸੀਬੀ) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਅਦਾਕਾਰ ਰੀਆ ਚੱਕਰਵਰਤੀ ਨੂੰ ਦੱਖਣੀ ਮੁੰਬਈ ਸਥਿਤ ਐਂਟੀ-ਡਰੱਗ ਏਜੰਸੀ ਦੇ ਦਫ਼ਤਰ ਤੋਂ ਇੱਥੇ ਬਾਇਕੁਲਾ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਇੱਕ ਡਰੱਗ ਕੇਸ ’ਚ ਗ੍ਰਿਫ਼ਤਾਰੀ ਤੋਂ ਤੁਰੰਤ ਮਗਰੋਂ ਰੀਆ ਨੂੰ ਸਥਾਨਕ ਅਦਾਲਤ ਵੱਲੋਂ 22 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਏਜੰਸੀ ਦੇ ਦਫ਼ਤਰ ’ਚ ਰਾਤ ਕੱਟਣ ਮਗਰੋਂ ਅੱਜ ਸਵੇਰੇ ਉਹ 10.15 ਵਜੇ ਐੱਨਸੀਬੀ ਦਫ਼ਤਰ ਤੋਂ ਬਾਹਰ ਆਈ ਅਤੇ ਉਸ ਨੂੰ ਏਜੰਸੀ ਦੇ ਅਧਿਕਾਰੀਆਂ ਵੱਲੋਂ ਬਾਇਕੁਲਾ ਜੇਲ੍ਹ ਲਿਜਾਇਆ ਗਿਆ। ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਐੱਨਸੀਬੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਡਰੱਗ ਸਿੰਡੀਕੇਟ ਦੀ ਸਰਗਰਮ ਮੈਂਬਰ ਸੀ ਅਤੇ ਰਾਜਪੂਤ ਲਈ ਡਰੱਗਜ਼ ਦਾ ਪ੍ਰਬੰਧ ਕਰਦੀ ਸੀ। ਹਾਲਾਂਕਿ ਐੱਨਸੀਬੀ ਨੇ ਕਿਹਾ ਸੀ ਕਿ ਉਹ ਰੀਆ ਚੱਕਰਵਰਤੀ ਦੀ ਸਪੁਰਦਗੀ ਨਹੀਂ ਚਾਹੁੰਦੀ, ਕਿਉਂਕਿ ਉਸ ਵੱਲੋਂ ਪਹਿਲਾਂ ਹੀ ਉਸ ਤੋਂ ਤਿੰਨ ਦਿਨਾਂ ਤੱਕ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
-ਪੀਟੀਆਈ
ਸ਼ੌਵਿਕ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅੱਜ
ਮੁੰਬਈ: ਵਕੀਲ ਸਤੀਸ਼ ਮਾਨਸ਼ਿੰਦੇ ਨੇ ਦੱਸਿਆ ਕਿ ਇੱਕ ਵਿਸ਼ੇਸ਼ ਅਦਾਲਤ ਵੱਲੋਂ ਇੱਥੇ ਅਦਾਕਾਰਾ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਭਲਕੇ 10 ਸਤੰਬਰ ਨੂੰ ਸੁਣਵਾਈ ਕੀਤੀ ਜਾਵੇਗੀ। ਉਨ੍ਹਾਂ 20 ਪੰਨਿਆਂ ਦੀ ਜ਼ਮਾਨਤ ਅਰਜ਼ੀ ਦੀ ਕਾਪੀ ਸਾਂਝੀ ਕਰਦਿਆਂ ਕਿਹਾ ਕਿ ਦੋਵਾਂ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਭਲਕੇ 10 ਸਤੰਬਰ ਨੂੰ ਵਿਸ਼ੇਸ਼ ਅਦਾਲਤ ਵੱਲੋਂ ਸੁਣਵਾਈ ਕੀਤੀ ਜਾਵੇਗੀ।
-ਪੀਟੀਆਈ
ਰੀਆ ਚੱਕਰਵਰਤੀ ਵੱਲੋਂ ਮੁੜ ਜ਼ਮਾਨਤ ਲਈ ਅਰਜ਼ੀ ਦਾਖ਼ਲ
ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਇੱਕ ਡਰੱਗ ਕੇਸ ਵਿੱਚ ਐੱਨਸੀਬੀ ਵੱਲੋਂ ਗ੍ਰਿਫ਼ਤਾਰ ਅਦਾਕਾਰਾ ਰੀਆ ਚੱਕਰਵਰਤੀ ਨੇ ਇੱਥੋਂ ਦੀ ਇੱਕ ਸੈਸ਼ਨ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਹੈ। ਮੈਜਿਸਟਰੇਟ ਕੋਰਟ ਵੱਲੋਂ ਉਸ ਵੱਲੋਂ ਦਿੱਤੀ ਗਈ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਰੀਆ ਵੱਲੋਂ ਰਿਹਾਈ ਲਈ ਇਹ ਦੂਜੀ ਕੋਸ਼ਿਸ਼ ਹੈ। ਰੀਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਵੱਲੋਂ ਦਾਖ਼ਲ ਅਪੀਲ ਵਿੱਚ ਅਦਾਕਾਰਾ ਨੇ ਉਸਦੇ ਨਿਰਦੋਸ਼ ਹੋਣ ਦਾ ਦਾਅਵਾ ਕੀਤਾ ਹੈ। ਅਦਾਲਤ ਵੱਲੋਂ ਇਸ ਅਰਜ਼ੀ ’ਤੇ ਭਲਕੇ ਸੁਣਵਾਈ ਕੀਤੀ ਜਾਵੇਗੀ।
-ਪੀਟੀਆਈ