ਨਵੀਂ ਦਿੱਲੀ, 3 ਮਾਰਚ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਅੱਜ ਨਿਰਦੇਸ਼ ਦਿੱਤਾ ਹੈ ਕਿ ਚੈੱਕ ਬਾਊਂਸ ਦੇ ਵਧਦੇ ਕੇਸਾਂ ਦੇ ਨਬਿੇੜੇ ਸਬੰਧੀ ਕਮੇਟੀ ਬਣਾਉਣ ਲਈ ਵੱਖ-ਵੱਖ ਵਿਭਾਗਾਂ ਦੇ ਮੈਂਬਰਾਂ, ਅਫਸਰਾਂ ਜਾਂ ਸਕੱਤਰਾਂ ਦੇ ਨਾਮ ਸੁਝਾਏ ਜਾਣ। ਚੀਫ਼ ਜਸਟਿਸ ਐੱਸਏ ਬੋਬੜੇ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਐਡੀਸ਼ਨਲ ਸੌਲਿਸਟਰ ਜਨਰਲ ਵਿਕਰਮਜੀਤ ਬੈਨਰਜੀ ਨੂੰ ਵੀਰਵਾਰ ਤੱਕ ਨਾਮ ਸੁਝਾਉਣ ਲਈ ਕਿਹਾ ਹੈ। ਇਸ ਬੈਂਚ ਵਿੱਚ ਦੋ ਹੋਰ ਜੱਜ ਜਸਟਿਸ ਐੱਲ ਨਾਗੇਸ਼ਵਰ ਰਾਓ ਅਤੇ ਐੱਸ ਰਵਿੰਦਰਾ ਭੱਟ ਵੀ ਹਨ। ਕਾਨੂੰਨੀ ਅਧਿਕਾਰੀ ਨੇ ਕਿਹਾ ਸੀ ਕਿ ਸਮਝੌਤਾ ਯੋਗ ਲਿਖਤ ਕਾਨੂੰਨ ਤਹਿਤ ਵਿਚਾਰ-ਅਧੀਨ ਕੇਸਾਂ ਦੀ ਸਮੱਸਿਆ ਦੇ ਹੱਲ ਲਈ ਵੱਖ-ਵੱਖ ਹਿੱਤ ਧਾਰਕਾਂ ਅਤੇ ਵੱਖ-ਵੱਖ ਮੰਤਰਾਲਿਆਂ ਦੇ ਸਕੱਤਰਾਂ ਤੇ ਅਫਸਰਾਂ ਨਾਲ ਵੱਡੇ ਪੱਧਰ ’ਤੇ ਵਿਚਾਰ-ਚਰਚਾ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਨਿਰਦੇਸ਼ ਦਿੱਤੇ ਹਨ। ਬੈਂਚ ਨੇ ਕਿਹਾ ਕਿ ਇਸ ਕਮੇਟੀ ਵਿੱਚ ਇੱਕ ਸਾਬਕਾ ਜੱਜ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਕੋਲ ਟਰਾਇਲ ਜੱਜ ਵਜੋਂ ਕਾਫ਼ੀ ਤਜਰਬਾ ਹੋਵੇ। -ਪੀਟੀਆਈ