ਨਵੀਂ ਦਿੱਲੀ, 15 ਅਪਰੈਲ
ਖੇਡਾਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਉੱਤਰਾਖੰਡ ’ਚ ਚੀਨ ਨਾਲ ਲਗਦੀ ਸਰਹੱਦ ਦਾ ਦੌਰਾ ਕਰਕੇ ਉਥੇ ਤਾਇਨਾਤ ਇੰਡੋ-ਤਿੱਬਤਨ ਬਾਰਡਰ ਪੁਲੀਸ (ਆਈਟੀਬੀਪੀ) ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐੱਸ ਐੱਸ ਦੇਸਵਾਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਉਹ ਫ਼ੌਜੀ ਹੈਲੀਕਾਪਟਰ ਰਾਹੀਂ ਨੇਲੌਂਗ ਵੈਲੀ ਪਹੁੰਚੇ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਖ਼ਰਾਬ ਮੌਸਮ ਅਤੇ ਹਾਲਾਤ ’ਚ ਦੇਸ਼ ਦੀ ਸੇਵਾ ਕਰ ਰਹੇ ਹਨ। ਰਿਜਿਜੂ ਸੂਬੇ ਦੇ ਦੋ ਰੋਜ਼ਾ ਦੌਰੇ ’ਤੇ ਹਨ ਅਤੇ ਉਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਟੀਹਰੀ ਗੜ੍ਹਵਾਲ ਜ਼ਿਲ੍ਹੇ ’ਚ ਵਾਟਰ ਸਪੋਰਟਸ ਅਤੇ ਐਂਡਵੈਂਚਰ ਇੰਸਟੀਚਿਊਟ ਦਾ ਉਦਘਾਟਨ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨਾਲ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੀ ਮੌਜੂਦ ਰਹਿਣਗੇ। ਆਈਟੀਬੀਪੀ ਦੇ ਤਰਜਮਾਨ ਵਿਵੇਕ ਕੁਮਾਰ ਪਾਂਡੇ ਨੇ ਕਿਹਾ ਕਿ ਇੰਸਟੀਚਿਊਟ ਉੱਤਰਾਖੰਡ ਸੈਰ ਸਪਾਟਾ ਵਿਕਾਸ ਬੋਰਡ ਅਤੇ ਆਈਟੀਬੀਪੀ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਅਤੇ ਇਸ ’ਚ ਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਆਈਟੀਬੀਪੀ ’ਚ ਕਰੀਬ 90 ਹਜ਼ਾਰ ਜਵਾਨਾਂ ਦੀ ਨਫ਼ਰੀ ਹੈ ਅਤੇ ਉਹ ਚੀਨ ਨਾਲ ਲਗਦੀ 3,488 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ ਦੀ ਰਾਖੀ ਦੇ ਨਾਲ ਨਾਲ ਦੇਸ਼ ਅੰਦਰ ਵੀ ਵੱਖ ਵੱਖ ਥਾਵਾਂ ’ਤੇ ਡਿਊਟੀਆਂ ਨਿਭਾਉਂਦੇ ਹਨ। -ਪੀਟੀਆਈ