ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹੇ ਹਨ ਸਵਾਲਾਂ ਦੇ ਜਵਾਬ

ਮੁੰਬਈ, 7 ਅਗਸਤ

ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਕਥਿਤ ਦੋਸ਼ੀ ਅਦਾਕਾਰਾ ਰੀਆ ਚਕਰਵਰਤੀ ਸ਼ੁੱਕਰਵਾਰ ਨੂੰ ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਦੇ ਦਫੱਤਰ ਵਿੱਚ ਪੁੱਛਗਿਛ ਲਈ ਪੇਸ਼ ਹੋਈ। ਈਡੀ ਕਰੀਬ ਸਾਢੇ 3 ਘੰਟਿਆਂ ਤੋਂ ਰੀਆ ਤੋਂ ਪੁਛਗਿਛ ਕਰ ਰਹੀ ਹੈ। ਸੂਤਰਾਂ ਅਨੁਸਾਰ ਹਾਲੇ 4 ਘੰਟੇ ਹੋਰ ਪੁਛਗਿਛ ਚੱਲ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਰੀਆ ਨੂੰ ਈਡੀ ਦੇ ਕਈ ਸਵਾਲਾਂ ਦੇ ਜਵਾਬ ਦੇਣ ’ਚ ਮੁਸ਼ਕਲ ਆ ਰਹੀ ਹੈ। ਈਡੀ ਦੇ ਸਵਾਲਾਂ ਦੇ ਜਵਾਬ ਰੀਆ ਨੂੰ ਲਿਖਤੀ ਦੇਣੇ ਪੈ ਰਹੇ ਹਨ। ਇਸ ਦੌਰਾਨ ਰੀਆ ਨਾਲ ਮੌਜੂਦ ਊਸ ਦਾ ਭਰਾ ਸ਼ੋਵਿਕ ਈਡੀ ਦਫ਼ਤਰ ’ਚੋਂ ਕੁਝ ਸਮੇਂ ਮਗਰੋਂ ਚਲਾ ਗਿਆ। ਹੁਣ ਤਕ ਦੀ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਈਡੀ ਨੇ ਇਸ ਮਾਮਲੇ ਵਿੱਚ ਰੀਆ ਤੋਂ ਪੁੱਛਗਿਛ ਲਈ ਇਕ ਪ੍ਰਸ਼ਨਾਵਲੀ ਤਿਆਰ ਕੀਤੀ ਹੈ, ਜਿਸ ਤਹਿਤ 3 ਗੇੜਾਂ ਵਿੱਚ ਸਵਾਲ ਪੁੱਛੇ ਜਾਣਗੇ। ਇਨ੍ਹਾਂ ਸਵਾਲਾਂ ਵਿੱਚ ਸਭ ਤੋਂ ਅਹਿਮ ਹੈ ਕਿ ਕੀ ਸੁਸ਼ਾਂਤ ਸਿੰਘ ਨੇ ਆਪਣੇ ਬੈਂਕ ਖਾਤੇ ਅਪਰੇਟ ਕਰਨ ਦਾ ਅਧਿਕਾਰ ਰੀਆ ਨੂੰ ਦਿੱਤਾ ਸੀ ਅਤੇ ਕੀ ਰੀਆ ਨੇ ਸੁਸ਼ਾਂਤ ਤੋਂ ਕੋਈ ਵਸੀਅਤ ਬਣਵਾਈ ਸੀ। ਹਾਲ ਹੀ ਵਿੱਚ ਜਾਣਕਾਰੀ ਮਿਲੀ ਹੈ ਕਿ ਰੀਆ ਨੇ ਖਾਰ ਵਿੱਚ ਦੋ ਫਲੇੈਟ ਖਰੀਦੇ ਸਨ।

ਇਸ ਤੋਂ ਪਹਿਲਾਂ ਰੀਆ ਦੇ ਵਕੀਲ ਨੇ ਈਡੀ ਨੂੰ ਅਪੀਲ ਕੀਤੀ ਸੀ ਕਿ ਜਦੋਂ ਤਕ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਚਲ ਰਹੀ ਹੈ, ਉਦੋਂ ਤਕ ਇਸ ਮਾਮਲੇ ਵਿੱਚ ਈਡੀ ਉਸ ਦੋਂ ਪੁੱਛਗਿਛ ਨਾ ਕਰੇ ਪਰ ਈਡੀ ਨੇ ਊਨ੍ਹਾਂ ਦੀ ਅਪੀਲ ਨਾਮਨਜ਼ੂਰ ਕਰ ਦਿੱਤੀ ਸੀ। ਦੁਪਹਿਰੇ 12 ਵਜੇ ਈਡੀ ਨੇ ਰੀਆ ਨੂੰ ਪੁੱਛਗਿਛ ਲਈ ਸੱਦਿਆ ਸੀ, ਜਿਸ ਤੋਂ ਬਾਅਦ ਰੀਆ ਆਪਣੇ ਬਿਆਨ ਦਰਜ ਕਰਾਉਣ ਲਈ ਈਡੀ ਅੱਗੇ ਪੇਸ਼ ਹੋਈ। ਉਧਰ, ਚਕਰਵਰਤੀ ਨੇ ਅਦਾਲਤ ਵਿੱਚ ਅਪੀਲ ਦਾਖਲ ਕਰਕੇ ਬਿਹਾਰ ਪੁਲੀਸ ਵੱਲੋਂ ਦਰਜ ਕੇਸ ਮੁੰਬਈ ਪੁਲੀਸ ਨੂੰ ਸੌਂਪੇ ਜਾਣ ਦੀ ਬੇਨਤੀ ਕੀਤੀ ਹੈ। ਇਸ ਅਪੀਲ ’ਤੇ ਅਗਲੇ ਹਫ਼ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਮੁੰਬਈ ਪੁਲੀਸ ਰਾਜਪੂਤ ਦੀ ਮੌਤ ਮਾਮਲੇ ਦੀ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ। ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਰਾਜਪੂਤ(34) ਦੇ ਬੈਂਕ ਖਾਤਿਆਂ ਵਿੱਚ ਵਿੱਤੀ ਗੜਬੜੀਆਂ ਦਾ ਦੋਸ਼ ਲਾਇਆ ਸੀ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All