ਲਖਨਊ, 19 ਜੁਲਾਈ
ਉੱਤਰ ਪ੍ਰਦੇਸ਼ ਪੁਲੀਸ ਨੇ ਇਥੇ ਨਵੇਂ ਖੁੱਲ੍ਹੇ ਲੂ-ਲੂ ਮਾਲ ਵਿੱਚ ਨਮਾਜ਼ ਪੜ੍ਹਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਚਾਰ ਹੋਰਾਂ ਦੀ ਭਾਲ ਆਰੰਭ ਦਿੱਤੀ ਹੈ। ਪੁਲੀਸ ਅਨੁਸਾਰ ਇਨ੍ਹਾਂ ਵਿਚੋਂ ਕੋਈ ਵੀ ਮਾਲ ਦਾ ਮੁਲਾਜ਼ਮ ਨਹੀਂ ਹੈ। ਪੁਲੀਸ ਕਮਿਸ਼ਨਰ ਡੀ ਕੇ ਠਾਕੁਰ ਨੇ ਪੀਟੀਆਈ ਨੂੰ ਦੱਸਿਆ ਕਿ ਚਾਰ ਵਿਅਕਤੀਆਂ ਨੂੰ ਅਣਅਧਿਕਾਰਤ ਤੌਰ ’ਤੇ ਮਾਲ ਵਿੱਚ ਨਮਾਜ਼ ਪੜ੍ਹਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਮੁਹੰਮਦ ਰੇਹਾਨ, ਆਤਿਫ਼ ਖ਼ਾਨ, ਮੁਹੰਮਦ ਲੁਕਮਾਨ ਅਤੇ ਮੁਹੰਮਦ ਨੋਮਾਨ ਵਜੋਂ ਹੋਈ ਹੈ ਤੇ ਇਹ ਸਾਰੇ ਲਖਨਊ ਦੇ ਵਸਨੀਕ ਹਨ। ਉਨ੍ਹਾਂ ਕਿਹਾ ਕਿ ਅਯੁੱਧਿਆ ਦੇ ਮਹੰਤ ਪਰਮਹੰਸ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ ਜੋ ਮਾਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। -ਪੀਟੀਆਈ