ਸੁਰੇਸ਼ ਐਸ ਡੁੱਗਰ
ਜੰਮੂ, 7 ਦਸੰਬਰ
ਐਤਵਾਰ ਨੂੰ ਪੁਣਛ ਵਿੱਚ ਗਲਤੀ ਨਾਲ ਐਲਓਸੀ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਈਆਂ ਦੋ ਪਾਕਿਸਤਾਨੀ ਨਾਬਾਲਗ ਭੈਣਾਂ ਨੂੰ ਅੱਜ ‘ਚਕਨਾ ਦਾ ਬਾਗ’ ਕਰਾਸਿੰਗ ਪੁਆਇੰਟ ’ਤੇ ਤੋਹਫ਼ੇ ਦੇ ਕੇ ਮਕਬੂਜ਼ਾ ਕਸ਼ਮੀਰ ਵਾਪਸ ਭੇਜ ਦਿੱਤਾ ਗਿਆ। ਰੱਖਿਆ ਬੁਲਾਰੇ ਨੇ ਦੱਸਿਆ ਕਿ ਲਾਏਬਾ ਜਬੈਰ(17) ਅਤੇ ਉਸ ਦੀ ਛੋਟੀ ਭੈਣ ਸਨਾ ਜਬੈਰ(13) ਪੀਓਕੇ ਦੀ ਕਹੁਟਾ ਤਹਿਸੀਲ ਦੇ ਅੱਬਾਸਪੁਰ ਦੀ ਵਸਨੀਕ ਹਨ। ਐਲਓਸੀ ਨਾਲ ਲੱਗਦੇ ਪੁਣਛ ਸੈਕਟਰ ਵਿੱਚ ਤਾਇਨਾਤ ਭਾਰਤੀ ਫੌਜੀਆਂ ਨੇ ਇਨ੍ਹਾਂ ਨੂੰ ਭਾਰਤੀ ਇਲਾਕੇ ਵਿੱਚ ਘੁੰਮਦਿਆਂ ਦੇਖਿਆ ਸੀ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਦੀ ਸਰਲਾ ਬਟਾਲੀਅਨ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੋਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਪੁੱਛਗਿਛ ਦੌਰਾਨ ਦੋਨਾਂ ਨੇ ਗਲਤੀ ਨਾਲ ਭਾਰਤੀ ਇਲਾਕੇ ਵਿੱਚ ਆਉਣ ਦੀ ਗੱਲ ਮੰਨੀ ਸੀ। ਇਸ ਸਬੰਧੀ ਪਾਕਿਸਤਾਨੀ ਫੌਜ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਦੋਵੇਂ ਭੈਣਾਂ ਨਾਬਾਲਗ ਸਨ ਅਤੇ ਉਨ੍ਹਾਂ ਨੂੰ ਵਾਪਸ ਕਰਨ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਸਬੰਧੀ ਕਾਰਵਾਈ ਪੂਰੀ ਕਰਨ ਬਾਅਦ ਅੱਜ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਪਾਕਿਸਤਾਨੀ ਫੌਜ ਹਵਾਲੇ ਕਰ ਦਿੱਤਾ ਗਿਆ।