ਨਵੀਂ ਦਿੱਲੀ, 12 ਸਤੰਬਰ
ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਹੈ ਕਿ ਪੂਰਬੀ ਲੱਦਾਖ ਦੇ ਗੋਗਰਾ-ਹੌਟਸਪਰਿੰਗਸ ਇਲਾਕੇ ’ਚੋਂ ਭਾਰਤੀ ਅਤੇ ਚੀਨੀ ਫ਼ੌਜਾਂ ਦੇ ਪਿੱਛੇ ਹਟਣ ਦਾ ਅਮਲ ਤੈਅ ਪ੍ਰੋਗਰਾਮ ਮੁਤਾਬਕ ਜਾਰੀ ਹੈ।
ਵਿਦੇਸ਼ ਮੰਤਰਾਲੇ ਨੇ 9 ਸਤੰਬਰ ਨੂੰ ਕਿਹਾ ਸੀ ਕਿ ਵਿਵਾਦਤ ਖੇਤਰ ਤੋਂ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਦੇ ਪਿੱਛੇ ਹਟਣ ਦਾ ਅਮਲ 12 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ। ਲੱਦਾਖ ਦੇ ਦੋ ਰੋਜ਼ਾ ਦੌਰੇ ਮਗਰੋਂ ਦਿੱਲੀ ਪਰਤੇ ਜਨਰਲ ਪਾਂਡੇ ਨੇ ਇਥੇ ਮਾਨਕਸ਼ਾਅ ਸੈਂਟਰ ’ਚ ਫ਼ੌਜੀ ਸਾਜ਼ੋ-ਸਾਮਾਨ ਬਾਰੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੂਰਬੀ ਲੱਦਾਖ ’ਚ ਸਰਹੱਦੀ ਟਕਰਾਅ ਦਾ ਜ਼ਿਕਰ ਵੀ ਕੀਤਾ। ਸੈਮੀਨਾਰ ਤੋਂ ਅੱਡ ਉਨ੍ਹਾਂ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੈਂ ਅਜੇ ਸਮੀਖਿਆ ਕਰਨੀ ਹੈ ਪਰ ਜਿਵੇਂ ਫ਼ੈਸਲਾ ਲਿਆ ਗਿਆ ਸੀ, ਉਸੇ ਮੁਤਾਬਕ ਫ਼ੌਜਾਂ ਦੀ ਵਾਪਸੀ ਦਾ ਅਮਲ ਚਲ ਰਿਹਾ ਹੈ।’’
ਜਨਰਲ ਪਾਂਡੇ ਨੇ ਸ਼ਨਿਚਰਵਾਰ ਨੂੰ ਪੂਰਬੀ ਲੱਦਾਖ ’ਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ ਸੀ। ਇਸ ਤੋਂ ਦੋ ਦਿਨ ਪਹਿਲਾਂ ਭਾਰਤੀ ਅਤੇ ਚੀਨੀ ਫ਼ੌਜਾਂ ਨੇ ਗੋਗਰਾ-ਹੋਟਸਪਰਿੰਗਸ ਇਲਾਕੇ ’ਚ ਪੈਟਰੋਲਿੰਗ ਪੁਆਇੰਟ 15 ਤੋਂ ਹਟਣਾ ਸ਼ੁਰੂ ਕਰ ਦਿੱਤਾ ਸੀ। -ਪੀਟੀਆਈ
ਨੌਰਦਰਨ ਆਰਮੀ ਕਮਾਂਡਰ ਵੱਲੋਂ ਬਟਾਲਿਕ ਸੈਕਟਰ ਦਾ ਦੌਰਾ
ਜੰਮੂ: ਨੌਰਦਰਨ ਆਰਮੀ ਕਮਾਂਡਰ ਲੈਫ਼ਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਸੋਮਵਾਰ ਨੂੰ ਪੱਛਮੀ ਲੱਦਾਖ ’ਚ ਅਗਾਊਂ ਚੌਕੀਆਂ ਦਾ ਦੌਰਾ ਕਰਕੇ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਲੈਫ਼ਟੀਨੈਂਟ ਜਨਰਲ ਦਿਵੇਦੀ ਨੂੰ 14 ਕੋਰ ਦੇ ਫ਼ੌਜੀ ਅਧਿਕਾਰੀਆਂ ਨੇ ਇਲਾਕੇ ’ਚ ਸੁਰੱਖਿਆ ਹਾਲਾਤ ਦੀ ਜਾਣਕਾਰੀ ਦਿੱਤੀ। ਉਹ ਬਾਅਦ ’ਚ ਬਟਾਲਿਕ ਸਬ-ਸੈਕਟਰ ਦੇ ਅਗਾਊਂ ਇਲਾਕਿਆਂ ’ਚ ਵੀ ਗਏ। ਉਨ੍ਹਾਂ ਟਾਈਗਰ ਹਿਲ ਪੁਲ ’ਤੇ ਤਾਇਨਾਤ ਜਵਾਨਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੰਦਿਆਂ ਹੌਸਲਾ ਵੀ ਵਧਾਇਆ। -ਪੀਟੀਆਈ