ਨਵੀਂ ਦਿੱਲੀ: ਸੀਨੀਅਰ ਵਕੀਲ ਮੁਕੁਲ ਰੋਹਤਗੀ ਦੁਬਾਰਾ ਭਾਰਤ ਦੇ ਅਟਾਰਨੀ ਜਨਰਲ ਬਣਨ ਜਾ ਰਹੇ ਹਨ। ਦੇਸ਼ ਦੇ ਚੋਟੀ ਦੇ ਲਾਅ ਅਧਿਕਾਰੀ ਵਜੋਂ ਉਹ ਪਹਿਲੀ ਅਕਤੂਬਰ ਤੋਂ ਆਪਣਾ ਦੂਜਾ ਕਾਰਜਕਾਲ ਆਰੰਭਣਗੇ। ਦੱਸਣਯੋਗ ਹੈ ਕਿ ਮੌਜੂਦਾ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ (91) ਦਾ ਕਾਰਜਕਾਲ 30 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਉਨ੍ਹਾਂ ਆਪਣੀ ਉਮਰ ਦਾ ਹਵਾਲਾ ਦੇ ਕੇ ਅਟਾਰਨੀ ਜਨਰਲ ਵਜੋਂ ਹੋਰ ਸਮਾਂ ਸੇਵਾਵਾਂ ਦੇਣ ਤੋਂ ਇਨਕਾਰ ਕੀਤਾ ਸੀ। ਵੇਣੂਗੋਪਾਲ 30 ਜੂਨ, 2017 ਵਿਚ ਅਟਾਰਨੀ ਜਨਰਲ ਬਣੇ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਕਾਰਜਕਾਲ ਵਿਚ ਕਈ ਵਾਰ ਵਾਧਾ ਹੋ ਚੁੱਕਾ ਹੈ। ਸੂਤਰਾਂ ਮੁਤਾਬਕ ਦੇਸ਼ ਦੇ ਚੋਟੀ ਦੇ ਵਕੀਲਾਂ ਵਿਚ ਸ਼ਾਮਲ ਰੋਹਤਗੀ ਨੇ ਅਹੁਦਾ ਸੰਭਾਲਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2014 ਵਿਚ ਤਿੰਨ ਸਾਲਾਂ ਲਈ ਅਟਾਰਨੀ ਜਨਰਲ ਬਣਾਇਆ ਗਿਆ ਸੀ। ਸੰਵਿਧਾਨ ਦੀ ਧਾਰਾ 76 ਤਹਿਤ ਰਾਸ਼ਟਰਪਤੀ ਅਜਿਹੇ ਵਿਅਕਤੀ ਨੂੰ ਅਟਾਰਨੀ ਜਨਰਲ ਨਿਯੁਕਤ ਕਰਦਾ ਹੈ ਜੋ ਸੁਪਰੀਮ ਕੋਰਟ ਦਾ ਜੱਜ ਬਣਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ। ਅਟਾਰਨੀ ਜਨਰਲ ਦੇਸ਼ ਦੀ ਹਰ ਅਦਾਲਤ ਵਿਚ ਸਰਕਾਰ ਵੱਲੋਂ ਪੇਸ਼ ਹੋ ਸਕਦਾ ਹੈ। -ਆਈਏਐੱਨਐੱਸ