ਨਵੀਂ ਦਿੱਲੀ, 28 ਸਤੰਬਰ
ਪੂਰਬੀ ਫੌਜ ਦੇ ਸਾਬਕਾ ਕਮਾਂਡਰ ਤੇ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਨਿਲ ਚੌਹਾਨ (61) ਨੂੰ ਭਾਰਤ ਦਾ ਨਵਾਂ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਨਿਯੁਕਤ ਕੀਤਾ ਗਿਆ ਹੈ। ਦੇਸ਼ ਦੇ ਪਹਿਲੇ ਸੀਡੀਐੈੱਸ ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਮਗਰੋਂ ਪਿਛਲੇ 9 ਮਹੀਨਿਆਂ ਤੋਂ ਇਹ ਅਹੁਦਾ ਖਾਲੀ ਪਿਆ ਸੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਚੌਹਾਨ ਨਵਾਂ ਅਹੁਦਾ ਸੰਭਾਲਣ ਦੀ ਤਰੀਕ ਤੋਂ ਮਿਲਟਰੀ ਅਫ਼ੇਅਰਜ਼ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ।
ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੇ ਚਾਰ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ ਕਈ ਕਮਾਂਡਾਂ, ਸਟਾਫ਼ ਤੇ ਅਹਿਮ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਜੰਮੂ ਤੇ ਕਸ਼ਮੀਰ ਤੇ ਉੱਤਰ-ਪੂਰਬੀ ਭਾਰਤ ਵਿੱਚ ਬਗ਼ਾਵਤੀ ਕਾਰਵਾਈਆਂ ਦੇ ਟਾਕਰੇ ਦਾ ਵਿਆਪਕ ਤਜਰਬਾ ਹੈ। ਉਹ ਪਿਛਲੇ ਸਾਲ ਮਈ ਵਿੱਚ ਪੂਰਬੀ ਫੌਜ ਦੇ ਕਮਾਂਡਰ ਵਜੋਂ ਸੇਵਾਵਾਂ ਨਿਭਾਉਣ ਮਗਰੋਂ ਸੇਵਾਮੁਕਤ ਹੋਏ ਸਨ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਸਰਕਾਰ ਨੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਨਿਲ ਚੌਹਾਨ ਨੂੰ ਅਗਲਾ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ, ਜੋ ਆਪਣੀ ਨਵੀਂ ਨਿਯੁਕਤੀ ਮੌਕੇ ਮਿਲਟਰੀ ਅਫੇਅਰਜ਼ ਵਿਭਾਗ ਵਿੱਚ ਸਕੱਤਰ ਦੇ ਅਹੁਦੇ ’ਤੇ ਅਗਲੇ ਹੁਕਮਾਂ ਤੱਕ ਕੰਮ ਕਰਦੇ ਰਹਿਣਗੇ।’’ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਦਾ ਜਨਮ 18 ਮਈ 1961 ਨੂੰ ਹੋਇਆ ਸੀ ਤੇ ਉਨ੍ਹਾਂ ਨੂੰ 1981 ਵਿੱਚ ਭਾਰਤ ਫੌਜ ਦੀ 11 ਗੋਰਖਾ ਰਾਈਫਲਜ਼ ਵਿੱਚ ਕਮਿਸ਼ਨ ਮਿਲਿਆ ਸੀ। ਉਹ ਐੱਨਡੀਏ ਖੜਕਵਾਸਲਾ ਤੇ ਭਾਰਤੀ ਮਿਲਟਰੀ ਅਕੈਡਮੀ ਦੇਹਰਾਦੂਨ ਦੇ ਪੁਰਾਣੇ ਵਿਦਿਆਰਥੀਆਂ ’ਚੋਂ ਹਨ। ਮਗਰੋਂ ਉਨ੍ਹਾਂ ਲੈਫਟੀਨੈਂਟ ਜਨਰਲ ਵਜੋਂ ਉੱਤਰ-ਪੂਰਬ ਕੋਰ ਦੀ ਕਮਾਨ ਵੀ ਸੰਭਾਲੀ ਤੇ ਸਤੰਬਰ 2019 ਵਿੱਚ ਪੂਰਬੀ ਕਮਾਂਡ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਬਣੇ। ਉਹ ਮਈ 2021 ਵਿੱਚ ਆਪਣੀ ਸੇਵਾਮੁਕਤੀ ਤੱਕ ਇਸ ਅਹੁਦੇ ’ਤੇ ਰਹੇ।
ਲੈਫਟੀਨੈਂਟ ਜਨਰਲ ਚੌਹਾਨ ਨੇ ਸੰਯੁਕਤ ਰਾਸ਼ਟਰ ਦੇ ਅੰਗੋਲਾ ਵਿਚਲੇ ਮਿਸ਼ਨ ਵਿੱਚ ਵੀ ਸੇਵਾਵਾਂ ਦਿੱਤੀਆਂ। ਕੌਮੀ ਸੁਰੱਖਿਆ ਕੌਂਸਲ ਨਾਲ ਜੁੜੇ ਹੋਣ ਕਰਕੇ ਉਹ ਦੇਸ਼ ਦੇ ਨਵੇਂ ਸੀਡੀਐੱਸ ਵਜੋਂ ਕੌਮੀ ਸੁਰੱਖਿਆ ਤੇ ਰਣਨੀਤਕ ਮਾਮਲਿਆਂ ਬਾਰੇ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਵਿਲੱਖਣ ਤੇ ਸ਼ਾਨਦਾਰ ਸੇਵਾਵਾਂ ਲਈ ਲੈਫਟੀਨੈਂਟ ਜਨਰਲ ਚੌਹਾਨ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤੀ ਵਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਤੇ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਆ ਜਾ ਚੁੱਕਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਸਾਲ 8 ਦਸੰਬਰ ਨੂੰ ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਉਦੋਂ ਤੋਂ ਇਹ ਅਹੁਦਾ ਖਾਲੀ ਪਿਆ ਸੀ। ਜਨਰਲ ਰਾਵਤ ਨੇ ਪਹਿਲੀ ਜਨਵਰੀ 2020 ਨੂੰ ਸੀਡੀਐੱਸ ਦਾ ਅਹੁਦਾ ਸੰਭਾਲਿਆ ਸੀ। ਸੀਡੀਐੱਸ ਦਾ ਮੁੱਖ ਕੰਮ ਦੇਸ਼ ਦੀ ਫੌਜੀ ਮੁਹਾਰਤ ਨੂੰ ਮਜ਼ਬੂਤ ਕਰਨ ਦੇ ਨਾਲ ਤਿੰਨਾਂ ਸੈਨਾਵਾਂ- ਥਲ, ਜਲ ਤੇ ਹਵਾਈ ਸੈਨਾ ਦੇ ਕੰਮਕਾਜ ਵਿਚ ਤਾਲਮੇਲ ਬਣਾ ਕੇ ਰੱਖਣਾ ਹੈ। -ਪੀਟੀਆਈ
ਨੇਮਾਂਵਿੱਚ ਕੀਤੀ ਸੀ ਸੋਧ
ਸਰਕਾਰ ਨੇ ਇਸ ਸਾਲ ਜੂਨ ਵਿੱਚ ਨੇਮਾਂ ਵਿੱਚ ਸੋਧ ਕਰਦਿਆਂ 62 ਸਾਲ ਤੋਂ ਘੱਟ ਉਮਰ ਵਾਲੇ ਮੌਜੂਦਾ ਜਾਂ ਸੇਵਾਮੁਕਤ ਲੈਫਟੀਨੈਂਟ ਜਨਰਲ, ਏਅਰ ਮਾਰਸ਼ਲ ਤੇ ਵਾਈਸ ਐਡਮਿਰਲ ਲਈ ਸੀਡੀਐੱਸ ਦੇ ਅਹੁਦੇ ’ਤੇ ਨਿਯੁਕਤੀ ਲਈ ਰਾਹ ਪੱਧਰਾ ਕਰ ਦਿੱਤਾ ਸੀ। ਨੇਮਾਂ ਵਿੱਚ ਫੇਰਬਦਲ ਨਾਲ ਤਿੰਨ ਸਟਾਰ ਵਾਲੇ ਅਧਿਕਾਰੀਆਂ ਨੂੰ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਸੀਡੀਐੱਸ ਬਣਨ ਦੀ ਇਜਾਜ਼ਤ ਮਿਲ ਗਈ ਹੈ। ਸੀਡੀਐੱਸ ਵਜੋਂ ਚਾਰਜ ਲੈਣ ਮਗਰੋਂ ਲੈਫਟੀਨੈਂਟ ਜਨਰਲ(ਸੇਵਾਮੁਕਤ) ਚੌਹਾਨ ਨੂੰ ਜਨਰਲ ਦਾ ਰੈਂਕ ਮਿਲ ਜਾਵੇਗਾ।