ਨਵੀਂ ਦਿੱਲੀ: ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਕਰੋਨਾਵਾਇਰਸ ਕਾਰਨ ਰੱਦ ਹੋਈਆਂ ਸੂਚੀਬੱਧ ਕੌਮਾਂਤਰੀ ਉਡਾਣਾਂ ’ਤੇ ਰੋਕ 31 ਅਗਸਤ ਤੱਕ ਵਧਾ ਦਿੱਤੀ ਹੈ। ਡਾਇਰੈਕਟਰ ਜਨਰਲ ਨੇ ਨਾਲ ਹੀ ਕਿਹਾ ਕਿ ਕੇਸਾਂ ਦੀ ਸਮੀਖਿਆ ਕਰ ਕੇ ਕੌਮਾਂਤਰੀ ਉਡਾਣਾਂ ਨੂੰ ਚੋਣਵੇਂ ਰੂਟਾਂ ’ਤੇ ਚੱਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਨਿਰਧਾਰਤ ਕੌਮਾਂਤਰੀ ਉਡਾਣਾਂ ਭਾਰਤ ਵਿਚ 23 ਮਾਰਚ, 2020 ਤੋਂ ਬੰਦ ਹਨ। ਪਰ ‘ਵੰਦੇ ਭਾਰਤ ਮਿਸ਼ਨ’ ਤਹਿਤ ਮਈ 2020 ਤੋਂ ਉਡਾਣਾਂ ਚੱਲ ਰਹੀਆਂ ਸਨ। ਇਸ ਲਈ ਜੁਲਾਈ 2020 ਤੋਂ ਦੁਵੱਲੇ ‘ਏਅਰ ਬਬਲ’ ਸਮਝੌਤੇ 24 ਮੁਲਕਾਂ ਨਾਲ ਕੀਤੇ ਗਏ ਸਨ। ਇਨ੍ਹਾਂ ਵਿਚ ਅਮਰੀਕਾ, ਯੂਕੇ, ਯੂਏਈ, ਕੀਨੀਆ, ਭੂਟਾਨ ਤੇ ਫਰਾਂਸ ਸ਼ਾਮਲ ਸਨ। ਡੀਜੀਸੀਏ ਨੇ ਕਿਹਾ ਕਿ ਕੌਮਾਂਤਰੀ ਕਾਰਗੋ ਅਪਰੇਸ਼ਨ ਤੇ ਇਸ ਲਈ ਮਨਜ਼ੂਰ ਕੀਤੀਆਂ ਗਈਆਂ ਉਡਾਣਾਂ ਉਤੇ ਰੋਕ ਨਹੀਂ ਹੋਵੇਗੀ। -ਪੀਟੀਆਈ