ਮੁੱਖ ਅੰਸ਼
- ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਨੇ ਦਿੱਤਾ ਭਰੋਸਾ
- ਸਮਰਥਨ ਜੁਟਾਉਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਕੀਤਾ ਦੌਰਾ
ਸ੍ਰੀਨਗਰ, 9 ਜੁਲਾਈ
ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਕਿਹਾ ਕਿ ਜੇਕਰ ਉਹ ਦੇਸ਼ ਦੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਸਰਕਾਰ ਨੂੰ ਕਸ਼ਮੀਰ ਮਸਲੇ ਦਾ ਸਥਾਈ ਹੱਲ ਕਰਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸ਼ਾਂਤੀ, ਨਿਆਂ, ਲੋਕਤੰਤਰ ਤੇ ਹਾਲਾਤ ਸੁਖਾਵੇਂ ਬਣਾਉਣ ਦੀ ਅਪੀਲ ਕਰਨਾ ਉਨ੍ਹਾਂ ਦੀ ਤਰਜੀਹ ਹੋਵੇਗੀ।
ਸਾਬਕਾ ਭਾਜਪਾ ਆਗੂ ਰਾਸ਼ਟਰਪਤੀ ਚੋਣ ਲਈ ਆਪਣੇ ਵਾਸਤੇ ਸਮਰਥਨ ਪ੍ਰਾਪਤ ਕਰਨ ਵਾਸਤੇ ਇੱਥੇ ਇਕ ਦਿਨ ਦੇ ਦੌਰੇ ’ਤੇ ਆਏ ਸਨ। ਹਾਲਾਂਕਿ, ਹੁਣ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਨਹੀਂ ਹੈ ਪਰ ਇਸ ਦੇ ਪੰਜ ਲੋਕ ਸਭਾ ਮੈਂਬਰ ਹਨ, ਜਿਨ੍ਹਾਂ ਵਿੱਚੋਂ ਤਿੰਨ ਨੈਸ਼ਨਲ ਕਾਨਫ਼ਰੰਸ ਜਦਕਿ ਦੋ ਭਾਜਪਾ ਤੋਂ ਹਨ। ਅੱਜ ਦੀ ਤਰੀਕ ਵਿੱਚ ਰਾਜ ਸਭਾ ਵਿੱਚ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਕੋਈ ਮੈਂਬਰ ਨਹੀਂ ਹੈ।
ਇੱਥੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸਿਨਹਾ ਨੇ ਕਿਹਾ, ‘‘ਜੇਕਰ ਮੈਂ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਤਾਂ ਬਿਨਾ ਕਿਸੇ ਡਰ ਤੇ ਪੱਖਪਾਤ ਤੋਂ ਸੰਵਿਧਾਨ ਦੇ ਰਖਵਾਲੇ ਵਜੋਂ ਆਪਣਾ ਫ਼ਰਜ਼ ਨਿਭਾਵਾਂਗਾ। ਸਰਕਾਰ ਨੂੰ ਕਸ਼ਮੀਰ ਮੁੱਦੇ ਦਾ ਸਥਾਈ ਹੱਲ ਕਰਨ ਅਤੇ ਜੰਮੂ ਕਸ਼ਮੀਰ ਵਿੱਚ ਸ਼ਾਂਤੀ, ਨਿਆਂ, ਲੋਕਤੰਤਰ, ਸੁਖਾਵੇਂ ਹਾਲਾਤ ਅਤੇ ਸੰਪੂਰਨ ਵਿਕਾਸ ਲਈ ਲੋੜੀਂਦੇ ਕਦਮ ਉਠਾਉਣ ਦੀ ਅਪੀਲ ਕਰਨਾ ਮੇਰੀਆਂ ਤਰਜੀਹਾਂ ’ਚੋਂ ਇਕ ਹੋਵੇਗੀ।’’ -ਪੀਟੀਆਈ