ਨਵੀਂ ਦਿੱਲੀ: ਰਾਜ ਸਭਾ ’ਚ ਪ੍ਰਸ਼ਨਕਾਲ ਨਾ ਕਰਵਾਊਣ ਬਾਰੇ ਮਤੇ ਨੂੰ ਅੱਜ ਪ੍ਰਵਾਨ ਕਰ ਲਿਆ ਗਿਆ। ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਅਤੇ ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਪੇਸ਼ ਕੀਤੇ ਗਏ ਮਤੇ ਦੀ ਆਲੋਚਨਾ ਕੀਤੀ। ਸ੍ਰੀ ਆਜ਼ਾਦ ਨੇ ਕਿਹਾ ਕਿ ਲੋਕਤੰਤਰ ’ਚ ਸਰਕਾਰ ਸੰਸਦ ਰਾਹੀਂ ਲੋਕਾਂ ਪ੍ਰਤੀ ਜਵਾਬਦੇਹ ਹੁੰਦੀ ਹੈ ਅਤੇ ਮੈਂਬਰਾਂ ਰਾਹੀਂ ਲੋਕਾਂ ਦੇ ਸਵਾਲਾਂ ਨੂੰ ਊਠਾਇਆ ਜਾਂਦਾ ਹੈ। ਊਨ੍ਹਾਂ ਕਿਹਾ ਕਿ ਚਾਰ ਘੰਟਿਆਂ ਦੀ ਬਜਾਏ ਸਦਨ ਦੀ ਕਾਰਵਾਈ ਪੰਜ ਘੰਟਿਆਂ ਤੱਕ ਹੋ ਸਕਦੀ ਸੀ ਅਤੇ ਇਕ ਘੰਟਾ ਪ੍ਰਸ਼ਨਕਾਲ ਲਈ ਰੱਖਿਆ ਜਾ ਸਕਦਾ ਹੈ। ਡੈਰੇਕ ਨੇ ਕਿਹਾ ਕਿ ਸਰਕਾਰ ਨੂੰ ਸਵਾਲ ਕਰਨਾ ਊਨ੍ਹਾਂ ਦਾ ਹੱਕ ਹੈ ਅਤੇ ਊਹ ਇਸ ਫ਼ੈਸਲੇ ਨੂੰ ਵਾਪਸ ਲਵੇ। ਰਾਜ ਸਭਾ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਊਹ ਵੀ ਪ੍ਰਸ਼ਨਕਾਲ ਕਰਾਊਣਾ ਚਾਹੁੰਦੇ ਹਨ ਪਰ ਹਾਲਾਤ ਕਾਰਨ ਅਜਿਹਾ ਸੰਭਵ ਨਹੀਂ।
-ਪੀਟੀਆਈ