ਨਵੀਂ ਦਿੱਲੀ: ਕੇਂਦਰੀ ਕੈਬਨਿਟ ਵਿੱਚ ਵਾਧੇ ਅਤੇ ਫੇਰਬਦਲ ਦੀਆਂ ਸੰਭਾਵਨਾਵਾਂ ਦਰਮਿਆਨ ਭਾਜਪਾ ਆਗੂਆਂ ਸਰਬਾਨੰਦ ਸੋੋਨੋਵਾਲ, ਜਿਓਤਿਰਾਦਿੱਤਿਆ ਸਿੰਧੀਆ ਤੇ ਨਰਾਇਣ ਰਾਣੇ ਸਮੇਤ ਹੋਰਨਾਂ ਆਗੂਆਂ, ਜੋ ਨਵੇਂ ਮੰਤਰੀਆਂ ਦੀ ਦੌੜ ਵਿੱਚ ਸ਼ਾਮਲ ਦੱਸੇ ਜਾਂਦੇ ਹਨ, ਨੇ ਕੌਮੀ ਰਾਜਧਾਨੀ ਵਿੱਚ ਡੇਰੇ ਲਾ ਲਏ ਹਨ। ਸੂਤਰਾਂ ਦੀ ਮੰਨੀਏ ਤਾਂ ਕੇਂਦਰੀ ਵਜ਼ਾਰਤ ਵਿੱਚ ਭਲਕੇ 6 ਵਜੇ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਥਾਵਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਲਾਏ ਜਾਣ ਮਗਰੋਂ ਮੋਦੀ ਵਜ਼ਾਰਤ ਵਿੱਚ ਇਕ ਹੋਰ ਅਹੁਦਾ ਖਾਲੀ ਹੋ ਗਿਆ ਹੈ। ਮੋਦੀ ਸਰਕਾਰ ’ਚ ਇਸ ਵੇਲੇ ਕੁੱਲ 53 ਮੰਤਰੀ ਹਨ ਤੇ ਵਜ਼ਾਰਤ ਵਿੱਚ ਕੁੱਲ 81 ਮੈਂਬਰਾਂ (ਲੋਕ ਸਭਾ ਦੀ ਕੁੱਲ ਸਮਰੱਥਾ ਦਾ 81 ਫੀਸਦ) ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਜੇਡੀਯੂ ਆਗੂ ਆਰ.ਸੀ.ਪੀ. ਸਿੰਘ ਤੇ ਲੋਕ ਜਨਸ਼ਕਤੀ ਪਾਰਟੀ ਦੇ ਪਸ਼ੂਪਤੀ ਕੁਮਾਰ ਪਾਰਸ, ਜੋ ਸਰਕਾਰ ਵਿੱਚ ਭਾਜਪਾ ਦੇ ਭਾਈਵਾਲਾਂ ਵਜੋਂ ਨੁਮਾਇੰਦਗੀ ਕਰਨਗੇ, ਵੀ ਬਿਹਾਰ ਤੋਂ ਦਿੱਲੀ ਪੁੱਜ ਗਏ ਹਨ। ਦਿੱਲੀ ਡੇਰੇ ਲਾਉਣ ਵਾਲੇ ਸਿਆਸੀ ਆਗੂਆਂ ’ਚੋਂ ਹਾਲਾਂਕਿ ਕੋਈ ਵੀ ਕੁਝ ਬੋਲਣ ਲਈ ਤਿਆਰ ਨਹੀਂ ਹੈ। ਨਰਾਇਣ ਰਾਣੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਸਰਕਾਰ ਵਿੱਚ ਸ਼ਾਮਲ ਹੋਣ ਸਬੰਧੀ ਕੋਈ ਸੱਦਾ ਪੱਤਰ ਨਹੀਂ ਮਿਲਿਆ ਹੈ। ਸ੍ਰੀ ਮੋਦੀ ਆਪਣੀ ਵਜ਼ਾਰਤ ਵਿੱਚ ਗੈਰ-ਸਿਆਸੀ ਪਿਛੋਕੜ ਵਾਲੀਆਂ ਸ਼ਖ਼ਸੀਅਤਾਂ ਨੂੰ ਸ਼ਾਮਲ ਕਰਕੇ ਸਭ ਨੂੰ ਹੈਰਾਨ ਕਰ ਸਕਦੇ ਹਨ। -ਪੀਟੀਆਈ
ਮੋਦੀ ਸਰਕਾਰ ’ਤੇ ਚੁਟਕੀ ਲਈ
ਨਵੀਂ ਦਿੱਲੀ: ਕੇਂਦਰੀ ਕੈਬਨਿਟ ’ਚ ਫੇਰਬਦਲ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਮੋਦੀ ਸਰਕਾਰ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਸਰਕਾਰ ਉਨ੍ਹਾਂ ਮੰਤਰੀਆਂ ਨੂੰ ਤਰੱਕੀਆਂ ਦਿੰਦੀ ਹੈ, ਜੋ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਟਵਿੱਟਰ ’ਤੇ ਨਿਸ਼ਾਨਾ ਬਣਾਉਂਦੇ ਹਨ ਤੇ ਉਨ੍ਹਾਂ ਰਾਜਪਾਲਾਂ ਨੂੰ ਇਨਾਮ ਦਿੰਦੀ ਹੈ, ਜਿਨ੍ਹਾਂ ਖਿਲਾਫ਼ ਸੰਵਿਧਾਨਕ ਗ਼ਲਤੀਆਂ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ। -ਪੀਟੀਆਈ