ਜੰਮੂ, 6 ਜੂਨ
ਅਮਰਨਾਥ ਯਾਤਰਾ ਦੌਰਾਨ ਤੀਰਥਯਾਤਰੀਆਂ ਦੀ ਮਦਦ ਲਈ ਜੰਮੂ-ਕਸ਼ਮੀਰ ਕੌਮੀ ਰਾਜਮਾਰਗ ’ਤੇ ਬਚਾਅ ਦਲ ਤਾਇਨਾਤ ਕੀਤੇ ਜਾਣਗੇ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਮਬਨ ਦੀ ਪੁਲੀਸ ਸੁਪਰਡੈਂਟ ਮੋਹਿਤਾ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਸੁਰੱਖਿਆ ਸਮੀਖਿਆ ਮੀਟਿੰਗ ਵਿੱਚ ਰਾਜਮਾਰਗ ’ਤੇ, ਖਾਸ ਕਰ ਕੇ ਤਿਲਕਣ ਵਾਲੇ ਇਲਾਕਿਆਂ ਵਿੱਚ ਬਚਾਅ ਦਲ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਲੋੜੀਂਦੀ ਕਿਰਤ ਸ਼ਕਤੀ ਨੂੰ ਪਹਿਲਾਂ ਤੋਂ ਹੀ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਆਧਾਰ ਕੈਂਪਾਂ ਅਤੇ ਯਾਤਰਾ ਮਾਰਗਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। 43 ਦਿਨ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਦੋ ਮਾਰਗਾਂ ਰਾਹੀਂ 30 ਜੂਨ ਨੂੰ ਸ਼ੁਰੂ ਹੋਵੇਗੀ। ਕਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਬਾਅਦ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ। ਸ਼ਰਮਾ ਨੇ ਅਧਿਕਾਰੀਆਂ ਨੂੰ ਸੁਰੱਖਿਆ ਵਿਵਸਥਾ ਦਰੁਸਤ ਰੱਖਦਿਆਂ ਸੰਵੇਦਨਸ਼ੀਲ ਥਾਵਾਂ ਅਤੇ ਆਧਾਰ ਕੈਂਪਾਂ ’ਤੇ ਧਿਆਨ ਕੇਂਦਰਤ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ। -ਪੀਟੀਆਈ