ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਵਜੋਂ ਕੱਢੇ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ 25 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਵਧੀਕ ਸੌਲੀਸਿਟਰ ਜਨਰਲ ਚੇਤਨ ਸ਼ਰਮਾ ਤੇ ਕੇਂਦਰ ਸਰਕਾਰ ਦੇ ਸਥਾਈ ਵਕੀਲ ਅਜੈ ਦਿਗਪੌਲ ਨੇ ਹਾਈ ਕੋਰਟ ਨੂੰ ਦੱਸਿਆ ਕਿ 50 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਜਾਂਚ ਦਾ ਅਮਲ ਜਾਰੀ ਹੈ। ਉਨ੍ਹਾਂ ਦਾਇਰ ਹਲਫ਼ਨਾਮੇ ’ਚ ਦਾਅਵਾ ਕੀਤਾ ਕਿ ਲਾਲ ਕਿਲੇ ਦੀ ਸੁਰੱਖਿਆ ਤੇ ਸਲਾਮਤੀ ਲਈ ਸੁਰੱਖਿਆ ਅਮਲੇ ਨੂੰ ਤਾਇਨਾਤ ਕੀਤਾ ਗਿਆ ਹੈ। ਸਰਕਾਰ ਵੱਲੋਂ ਦਾਇਰ ਹਲਫ਼ਨਾਮੇ ਦਾ ਨੋਟਿਸ ਲੈਂਦਿਆਂ ਚੀਫ਼ ਜਸਟਿਸ ਡੀ.ਐੱਨ.ਪਟੇਲ ਤੇ ਜਸਟਿਸ ਜਸਮੀਤ ਸਿੰਘ ਨੇ ਪੁੱਛਿਆ ਕਿ ਕੀ ਸੁਪਰੀਮ ਕੋਰਟ ’ਚ ਇਸ ਮਾਮਲੇ ’ਚ ਮਿਲਦੀ ਜੁਲਦੀ ਕਿਸੇ ਪਟੀਸ਼ਨ ’ਤੇ ਸੁਣਵਾਈ ਬਕਾਇਆ ਜਾਂ ਨਬਿੇੜਾ ਤਾਂ ਨਹੀਂ ਕੀਤਾ ਗਿਆ। ਬੈਂਚ ਨੇ ਕੇਂਦਰ ਸਰਕਾਰ ਤੋਂ ਮਿਲਦੇ ਜੁਲਦੇ ਕੇਸਾਂ ਦੀ ਤਫ਼ਸੀਲ ਮੰਗਦਿਆਂ ਦਿੱਲੀ ਦੇ ਵਸਨੀਕ ਧਨੰਜਯ ਜੈਨ ਵੱਲੋਂ ਦਾਇਰ ਪਟੀਸ਼ਨ ਨੂੰ ਸੂਚੀਬੰਦ ਕਰ ਲਿਆ ਹੈ। -ਪੀਟੀਆਈ