ਨਵੀਂ ਦਿੱਲੀ, 24 ਜਨਵਰੀ
ਗਣਤੰਤਰ ਦਿਵਸ ਮੌਕੇ ਜਿੱਥੇ ਬੰਗਾਲੀ, ਗੁਜਰਾਤੀ, ਤਾਮਿਲ, ਲੱਦਾਖੀ ਤੇ ਅਸਾਮੀ ਭਾਸ਼ਾਵਾਂ ਸੁਣੀਆਂ ਜਾ ਸਕਣਗੀਆਂ, ਉੱਥੇ ਇਸ ਵਾਰ ਸੰਕੇਤਕ ਭਾਸ਼ਾ ਵੀ ਸਮਾਰੋਹ ਦਾ ਹਿੱਸਾ ਹੋਵੇਗੀ। ਇਸ ਤਰ੍ਹਾਂ ਵਿਭਿੰਨਤਾ ਦਰਸਾਉਣ ਵਾਲੇ ਇਸ ਸਮਾਰੋਹ ਵਿਚ ਇਕ ਹੋਰ ਰੰਗ ਜੁੜੇਗਾ। ਹੱਥਾਂ ਦੀ ਇਹ ਭਾਸ਼ਾ ਨਾ ਸਿਰਫ਼ ਸੁਣਨ ਤੇ ਬੋਲਣ ਤੋਂ ਅਸਮਰੱਥ ਲੋਕਾਂ ਲਈ ਸੰਚਾਰ ਦੇ ਪੁਲ ਵਜੋਂ ਕੰਮ ਕਰੇਗੀ ਬਲਕਿ ਉਨ੍ਹਾਂ ਲਈ ਵੀ ਸਹਾਈ ਹੋਵੇਗੀ ਜੋ ਬੋਲ ਜਾਂ ਸੁਣ ਸਕਦੇ ਹਨ, ਪਰ ਉਨ੍ਹਾਂ ਲਈ ਹੁਣ ਮਾਸਕ ਤੇ ਸਮਾਜਿਕ ਦੂਰੀ ਕਈ ਪੱਖਾਂ ਤੋਂ ਅੜਿੱਕਾ ਬਣਦੀ ਹੈ। ਭਾਰਤੀ ਸੰਕੇਤਕ ਭਾਸ਼ਾ ਖੋਜ ਤੇ ਸਿਖ਼ਲਾਈ ਕੇਂਦਰ ਦੇ 12 ਨੌਜਵਾਨਾਂ ਦਾ ਸਮੂਹ ਨੀਲੀਆਂ ਵਰਦੀਆਂ ਵਿਚ ਦਿੱਲੀ ਕੈਂਟ ਵਿਚ ਮੌਜੂਦ ਹੈ ਜਿੱਥੇ ਵੱਖ-ਵੱਖ ਝਾਕੀਆਂ ਦਾ ਕੈਂਪ ਲੱਗਾ ਹੋਇਆ ਹੈ। ਉਹ ਆਪਸ ਵਿਚ ਤੇ ਵੱਖ-ਵੱਖ ਝਾਕੀਆਂ ਦਾ ਹਿੱਸਾ ਕਈ ਮੈਂਬਰਾਂ ਨਾਲ ਸੰਕੇਤਕ ਭਾਸ਼ਾ ਰਾਹੀਂ ਰਾਬਤਾ ਕਰਦੇ ਦੇਖੇ ਜਾ ਸਕਦੇ ਹਨ।
ਦਿੱਲੀ ਅਧਾਰਿਤ ਇਹ ਕੇਂਦਰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰਦਾ ਹੈ। ਮੰਤਰਾਲਾ ਇਸ ਵਾਰ ਇਸ ਕੇਂਦਰ ਦੀ ਝਾਕੀ ਦੀ ਹਾਜ਼ਰੀ ਵੀ ਗਣਤੰਤਰ ਦਿਵਸ ਸਮਾਰੋਹ ਵਿਚ ਲਵਾਏਗਾ। ਕੇਂਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਝਾਕੀ ਵਿਚ ਹਿੱਸਾ ਲੈਣ ਵਾਲੇ ਸਾਰੇ ਲੜਕੇ-ਲੜਕੀਆਂ ਬਹੁਤ ਖ਼ੁਸ਼ ਹਨ। ਝਾਕੀ ਦਾ ਥੀਮ ‘ਭਾਰਤੀ ਸੰਕੇਤਕ ਭਾਸ਼ਾ: ਇਕ ਰਾਸ਼ਟਰ, ਇਕ ਸੰਕੇਤਕ ਭਾਸ਼ਾ’ ਰੱਖਿਆ ਗਿਆ ਹੈ। -ਪੀਟੀਆਈ