ਨਵੀਂ ਦਿੱਲੀ, 23 ਜਨਵਰੀ
ਮੇਜਰ ਜਨਰਲ ਅਲੋਕ ਕੱਕੜ ਨੇ ਅੱਜ ਕਿਹਾ ਕਿ ਬੀਤੇ ਦਹਾਕਿਆਂ ਵਿੱਚ ਭਾਰਤੀ ਫ਼ੌਜ ਦੀ ਵਰਦੀ ਅਤੇ ਰਾਈਫਲਾਂ ਕਿਵੇਂ ਵਿਕਸਤ ਹੋਈਆਂ ਹਨ, ਇਸ ਨੂੰ ਇਸ ਸਾਲ ਗਣਤੰਤਰ ਦਿਵਸ ਪਰੇਡ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ‘ਆਜ਼ਾਦੀ ਕੇ ਅੰਮ੍ਰਿਤ ਮਹੋਉਤਸਵ’ ਤਹਿਤ ਗਣਤੰਤਰ ਦਿਵਸ ਪਰੇਡ-2022 ਵਿੱਚ ਭਾਰਤੀ ਫੌਜ ਦੀਆਂ ਤਿੰਨ ਮਾਰਚਿੰਗ ਟੁਕੜੀਆਂ ਪਿਛਲੇ ਦਹਾਕਿਆਂ ਦੀ ਵਰਦੀ ਪਹਿਨਣਗੀਆਂ ਅਤੇ ਰਾਈਫਲ ਲੈ ਕੇ ਮਾਰਚ ਪਾਸਟ ਕਰਨਗੀਆਂ, ਜਦਕਿ ਇੱਕ ਦਸਤਾ ਨਵੀਂ ਵਰਦੀ ਪਹਿਨੇਗਾ ਅਤੇ ਨਵੀਨਤਮ ਟੈਵੋਰ ਰਾਈਫਲ ਲੈ ਕੇ ਰਾਜਪਥ ’ਤੇ ਮਾਰਚ ਪਾਸਟ ਕਰਦਾ ਨਜ਼ਰ ਆਵੇਗਾ।
ਅਲੋਕ ਕੱਕੜ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਸਾਲ ਗਣਤੰਤਰ ਦਿਵਸ ਪਰੇਡ ਵਿੱਚ ਭਾਰਤੀ ਫ਼ੌਜ ਦੇ ਛੇ ਮਾਰਚਿੰਗ ਦਸਤੇ ਹਿੱਸਾ ਲੈਣਗੇ।
ਉਨ੍ਹਾਂ ਕਿਹਾ ਕਿ ਹਰ ਮਾਰਚਿੰਗ ਦਸਤੇ ਵਿੱਚ ਆਮ ਤੌਰ ’ਤੇ ਰਹਿਣ ਵਾਲੇ 144 ਫ਼ੌਜੀਆਂ ਦੀ ਥਾਂ ਇਸ ਵਾਰ 96 ਫ਼ੌਜੀ ਹੋਣਗੇ। ਅਜਿਹਾ ਕੋਵਿਡ-19 ਪ੍ਰੋਟੋਕਾਲ ਦੀ ਸਖ਼ਤ ਪਾਲਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਜਪੂਤ ਰੈਜੀਮੈਂਟ ਦੇ ਫ਼ੌਜੀਆਂ ਦੀ ਭਾਰਤੀ ਫੌਜ ਦੀ ਪਹਿਲੀ ਮਾਰਚਿੰਗ ਟੁਕੜੀ 1950 ਦੇ ਦਹਾਕੇ ਵਾਲੀ ਵਰਦੀ ਪਹਿਨੇਗੀ ਅਤੇ .303 ਰਾਈਫਲਾਂ ਲੈ ਕੇ ਚੱਲੇਗੀ।
ਉਨ੍ਹਾਂ ਦੱਸਿਆ ਕਿ ਫ਼ੌਜ ਦੀ 1970 ਦੇ ਦਹਾਕੇ ਦੀ ਵਰਦੀ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਫ਼ੌਜੀਆਂ ਵੱਲੋਂ ਪਹਿਨੀ ਜਾਵੇਗੀ, ਜੋ ਤੀਜੀ ਮਾਰਚਿੰਗ ਟੁਕੜੀ ਦਾ ਗਠਨ ਕਰਨਗੇ ਅਤੇ ਉਹ 7.62 ਐੱਮਐੱਮ ਸੈਲਫ਼-ਲੋਡਿੰਗ ਰਾਈਫਲਾਂ (ਐੱਸਐੱਲਆਰ) ਲੈ ਕੇ ਮਾਰਚ ਪਾਸਟ ਕਰਨਗੇ।
ਉਨ੍ਹਾਂ ਕਿਹਾ ਕਿ ਚੌਥੀ ਅਤੇ ਪੰਜਵੀਂ ਮਾਰਚਿੰਗ ਟੁਕੜੀ ਕ੍ਰਮਵਾਰ ਸਿੱਖ ਲਾਈਟ ਇਨਫੈਂਟਰੀ ਅਤੇ ਆਰਮੀ ਆਰਡਨੈਂਸ ਕੋਰ ਰੈਜੀਮੈਂਟ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਫੌਜੀ ਫੌਜ ਦੀ ਹੁਣ ਵਾਲੀ ਵਰਦੀ ਪਹਿਨਣਗੇ ਅਤੇ 5.56 ਐੱਮਐੱਮ ਇਨਸਾਸ ਰਾਈਫਲ ਲੈ ਕੇ ਮਾਰਚ ਕਰਨਗੇ। ਉਨ੍ਹਾਂ ਕਿਹਾ ਕਿ ਛੇਵਾਂ ਦਸਤਾ ਪੈਰਾਸ਼ੂਟ ਰੈਜੀਮੈਂਟ ਦੇ ਫੌਜੀਆਂ ਦਾ ਹੋਵੇਗਾ, ਜੋ ਨਵੀਂ ਲੜਾਕੂ ਵਰਦੀ ਪਹਿਨਣਗੇ। ਉਨ੍ਹਾਂ ਕੋਲ ਟੈਵੋਰ ਰਾਈਫਲਾਂ ਹੋਣਗੀਆਂ। ਫ਼ੌਜ ਦੀ ਨਵੀਂ ਵਰਦੀ ਦੀ ਸ਼ੁਰੂਆਤ ਇਸੇ ਮਹੀਨੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੱਲ 14 ਮਾਰਚਿੰਗ ਟੀਮਾਂ ਹੋਣਗੀਆਂ। ਇਸ ਵਿੱਚ ਫੌਜ ਦੀਆਂ ਛੇ, ਜਲ ਸੈਨਾ ਦੀ ਇੱਕ, ਹਵਾਈ ਫੌਜ ਦੀ ਇੱਕ, ਸੀਏਪੀਐੱਫ ਦੀਆਂ ਚਾਰ, ਐੱਨਸੀਸੀ ਦੀਆਂ ਦੋ, ਦਿੱਲੀ ਪੁਲੀਸ ਦੀ ਇੱਕ ਅਤੇ ਐੱਨਐੱਸਐੱਸ ਦੀ ਇੱਕ ਟੀਮ ਸ਼ਾਮਲ ਹੈ। -ਪੀਟੀਆਈ