ਨਵੀਂ ਦਿੱਲੀ, 5 ਫਰਵਰੀ
ਰਾਸ਼ਟਰੀ ਲੋਕ ਦਲ ਦੇ ਮੀਤ ਪ੍ਰਧਾਨ ਜੈਯੰਤ ਚੌਧਰੀ ਨੇ ਕਿਹਾ ਹੈ ਕਿ ਸਰਕਾਰ ਦੀ ਕਿਸਾਨਾਂ ਖ਼ਿਲਾਫ਼ ‘ਜਬਰ ਦੀ ਰਣਨੀਤੀ’ ਕੰਮ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਕਿਸਾਨਾਂ ਖ਼ਿਲਾਫ਼ ਕਿੱਲਾਂ ਨਹੀਂ ਠੋਕੀਆਂ ਜਾ ਰਹੀਆਂ ਹਨ ਸਗੋਂ ਇਹ ਭਾਜਪਾ ਦੇ ‘ਸਿਆਸੀ ਤਾਬੂਤ’ ’ਚ ਆਖਰੀ ਕਿੱਲ ਸਾਬਿਤ ਹੋਣਗੀਆਂ। ਪੱਛਮੀ ਉੱਤਰ ਪ੍ਰਦੇਸ਼ ’ਚ ਕਈ ਕਿਸਾਨ ਮਹਾਪੰਚਾਇਤਾਂ ’ਚ ਸ਼ਮੂਲੀਅਤ ਕਰਨ ਵਾਲੇ ਚੌਧਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਇਹ ਕਾਨੂੰਨ ਵਾਪਸ ਲਵੇ ਅਤੇ ਕਿਸਾਨਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਨਵੇਂ ਸਿਰੇ ਤੋਂ ਖਰੜਾ ਤਿਆਰ ਕਰੇ। ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਜੈਯੰਤ ਚੌਧਰੀ ਨੇ ਦੋਸ਼ ਲਾਇਆ ਕਿ ਮੁਲਕ ਦੀ ਮੌਜੂਦਾ ਲੀਡਰਸ਼ਿਪ ’ਚ ਭਾਵਨਾਵਾਂ ਦੀ ਕਮੀ ਹੈ ਅਤੇ ਉਸ ਨੂੰ ਦੰਗਿਆਂ, ਮੌਤਾਂ ਜਾਂ ਵੱਡੇ ਪ੍ਰਦਰਸ਼ਨਾਂ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਹੈ ਕਿਉਂਕਿ ਉਹ ਆਪਣੀ ਵਿਚਾਰਧਾਰਾ ਤੱਕ ਹੀ ਸਿਮਟ ਕੇ ਰਹਿ ਗਈ ਹੈ।
ਸਾਬਕਾ ਸੰਸਦ ਮੈਂਬਰ ਨੇ ਕਿਹਾ,‘‘ਸਰਕਾਰ ਜ਼ਮੀਨੀ ਪੱਧਰ ’ਤੇ ਆਪਣੇ ਹੀ ਲੋਕਾਂ ਨੂੰ ਸੁਣਨ ਲਈ ਤਿਆਰ ਨਹੀਂ ਹੈ। ਜੇਕਰ ਤੁਸੀਂ ਭਾਜਪਾ ਦੇ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਨਾਲ ਗੱਲ ਕਰੋ ਤਾਂ ਉਹ ਖੁਸ਼ ਨਹੀਂ ਹਨ ਅਤੇ ਆਮ ਆਦਮੀ ਦੇ ਵੱਧ ਰਹੇ ਗੁੱਸੇ ਨੂੰ ਮਹਿਸੂਸ ਕਰ ਸਕਦੇ ਹਨ ਜਿਨ੍ਹਾਂ ਮੋਦੀ ਨੂੰ ਵੋਟਾਂ ਪਾਈਆਂ ਸਨ।’’ ਉਨ੍ਹਾਂ ਕਿਹਾ ਕਿ ਕਿਸਾਨਾਂ, ਖਾਸ ਕਰਕੇ ਸਿੱਖਾਂ ਨੇ ਹੀ ਬ੍ਰਿਟਿਸ਼ ਹਕਮੂਤ ਤੋਂ ਦਿੱਲੀ ਨੂੰ ਆਜ਼ਾਦ ਕਰਵਾਇਆ, ਉਹ ਮੁਗ਼ਲਾਂ ਖ਼ਿਲਾਫ਼ ਲੜੇ ਸਨ ਅਤੇ ਹੁਣ ਵੀ ਜਦੋਂ ਦਿੱਲੀ ’ਚ ਕੋਈ ਸੰਕਟ ਆਉਂਦਾ ਹੈ ਤਾਂ ਕੌਮੀ ਰਾਜਧਾਨੀ ਨੇੜਲੇ ਸੂਬੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਸਭ ਤੋਂ ਪਹਿਲਾਂ ਬਹੁੜਦੇ ਹਨ। ‘ਦਿੱਲੀ ’ਚ ਕਿਸਾਨ ਘਾਟ (ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਯਾਦਗਾਰ), ਸੰਸਦ ਭਵਨ ਅਤੇ ਰਾਜਘਾਟ ਹਨ ਅਤੇ ਤੁਸੀਂ ਕਿਸਾਨਾਂ ਨੂੰ ਦਿੱਲੀ ’ਚ ਹੀ ਦਾਖ਼ਲ ਹੋਣ ਤੋਂ ਰੋਕ ਰਹੇ ਹੋ।’ ਉਨ੍ਹਾਂ ਕਿਹਾ ਕਿ ਤਿੰਨੋਂ ਕਾਨੂੰਨ 18 ਮਹੀਨਿਆਂ ਲਈ ਰੋਕੇ ਜਾਣ ਦੀ ਬਜਾਏ ਪੂਰੀ ਤਰ੍ਹਾਂ ਨਾਲ ਰੱਦ ਹੋਣੇ ਚਾਹੀਦੇ ਹਨ। -ਪੀਟੀਆਈ