ਨਵੀਂ ਦਿੱਲੀ, 24 ਅਗਸਤ
ਕਿਸਾਨ ਆਗੂਆਂ ਨੇ ਅੱਜ ਕਿਹਾ ਕਿ ਦੇਸ਼ ਭਰ ਤੋਂ 15 ਸੌ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਭਵਿੱਖੀ ਰਣਨੀਤੀਆਂ ਬਾਰੇ ਚਰਚਾ 26 ਅਤੇ 27 ਅਗਸਤ ਨੂੰ ਕੌਮੀ ਕਨਵੈਨਸ਼ਨ ’ਚ ਸ਼ਾਮਲ ਹੋਣਗੇ। ਦਿੱਲੀ ਦੇ ਸਿੰਘੂ ਬਾਰਡਰ ’ਤੇ ਇਹ ਦੋ ਦਿਨਾਂ ਕਨਵੈਨਸ਼ਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋਣ ਦੇ ਸਬੰਧ ’ਚ ਕੀਤੀ ਜਾਵੇਗੀ।
ਕਿਸਾਨ ਨੇਤਾ ਅਭਿਮੰਨਿਊ ਕੋਹਾੜ ਨੇ ਦੱਸਿਆ, ‘ਸਾਡੇ ਹੋਰ ਸਮਾਗਮਾਂ ਵਾਂਗ, ਕੌਮੀ ਕਨਵੈਨਸ਼ਨ ’ਚ ਵੱਡੇ ਪੱਧਰ ’ਤੇ ਇਕੱਠ ਜਾਂ ਰੈਲੀ ਨਹੀਂ ਹੋਵੇਗੀ। ਦੇਸ਼ ਭਰ ਤੋਂ 15 ਸੌ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਸਾਡੇ ਕਿਸਾਨ ਅੰਦੋਲਨ ਨੂੰ ਹੋਰ ਮਘਾਉਣ ਲਈ ਰਣਨੀਤੀ ’ਤੇ ਚਰਚਾ ਵਾਸਤੇ ਦੋ ਦਿਨ ਸਿੰਘੂ ਬਾਰਡਰ ’ਤੇ ਇਕੱਠੇ ਹੋਣਗੇ।’ ਉਨ੍ਹਾਂ ਕਿਹਾ ਕਿ ਕਨਵੈਨਸ਼ਨ ਦਾ ਮਕਸਦ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕਰਨਾ ਹੈ, ਇਸ ਲਈ ਅੰਦੋਲਨ ਨੂੰ ਅੱਗੇ ਲਿਜਾਣ ਵਾਸਤੇ ਹਰ ਕਿਸੇ ਨੂੰ ਫ਼ੈਸਲੇ ਲੈਣ ’ਚ ਸ਼ਾਮਲ ਹੋਣਾ ਚਾਹੀਦਾ ਹੈ। ਕੋਹਾੜ ਨੇ ਕਿਹਾ, ‘ਅਸੀਂ ਨੌਂ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਾਂ। ਇਹ ਕੋਈ ਥੋੜ੍ਹਾ ਸਮਾਂ ਨਹੀਂ ਹੈ। ਅਸੀਂ ਹਰ ਕਿਸੇ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ, ਉੱਤਰ, ਦੱਖਣ, ਪੂਰਬ ਤੇ ਪੱਛਮ ਤੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ…ਹਰ ਕੋਈ ਇੱਥੇ ਹੋਵੇਗਾ।’ ਉਨ੍ਹਾਂ ਕਿਹਾ ਕਿ ਕਨਵੈਨਸ਼ਨ ਦੌਰਾਨ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ 5 ਸਤੰਬਰ ਨੂੰ ਕੀਤੀ ਜਾਣ ਵਾਲੀ ‘ਮਹਾਪੰਚਾਇਤ’ ਬਾਰੇ ਵੀ ਚਰਚਾ ਕੀਤੀ ਜਾਵੇਗੀ।ਸਿੰਘੂੁ ਬਾਰਡਰ ਕੌਮੀ ਕਨਵੈਨਸ਼ਨ ਦਾ ਮੁੱਖ ਸਥਾਨ ਹੋਵੇਗਾ, ਜਦਕਿ ਇਸ ਦੇ ਨਾਲ-ਨਾਲ ਦੇਸ਼ ਭਰ ’ਚ ਕਈ ਥਾਵਾਂ ’ਤੇ ਇਕੱਠ ਵੀ ਕੀਤੇ ਜਾਣਗੇ। ਇਸੇ ਦੌਰਾਨ ਚੰਡੀਗੜ੍ਹ ਵਿੱਚ ਕਿਸਾਨ ਨੇਤਾ ਪਰਮਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਅਸਰਅੰਦਾਜ਼ ਕਰ ਰਹੇ ਮੁੱਦੇ ’ਤੇ ਚਰਚਾ ਲਈ 2 ਹਜ਼ਾਰ ਤੋਂ 25 ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ‘ਅਸੀਂ ਸੈਕਟਰ 25 ਦੀ ਗਰਾਊਂਡ ’ਚ ਇਕੱਠੇ ਹੋਵਾਂਗੇ, ਜਿੱਥੇ ਸਟੇਜ ਲਾਈ ਜਾਵੇਗੀ। ਰਾਕੇਸ਼ ਟਿਕੈਤ ਵੀ ਇੱਥੇ ਇਕੱਠ ’ਚ ਪਹੁੰਚ ਸਕਦੇ ਹਨ।’ -ਪੀਟੀਆਈ
ਸਿੰਘੂ ’ਤੇ ਮੋਰਚੇ ਦੀ ਰਾਸ਼ਟਰੀ ਕਾਨਫਰੰਸ 26 ਤੇ 27 ਨੂੰ
ਭਾਰਤ ਦੇ ਵੱਖ-ਵੱਖ ਰਾਜਾਂ ਦੇ ਹਜ਼ਾਰਾਂ ਕਿਸਾਨ ਹੋਰ ਕਿਸਾਨਾਂ ਦੇ ਨਾਲ ਦੋ ਮਹੱਤਵਪੂਰਨ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। 26 ਤੇ 27 ਅਗਸਤ ਨੂੰ ਸਿੰਘੂ ਬਾਰਡਰ ’ਤੇ ਮੋਰਚਾ ਦੀ ਰਾਸ਼ਟਰੀ ਕਾਨਫਰੰਸ ਲਈ ਡੈਲੀਗੇਸ਼ਨ ਰਜਿਸਟਰਡ ਕੀਤੇ ਜਾ ਰਹੇ ਹਨ। ਕਾਨਫਰੰਸ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕਾਨਫਰੰਸ ਦੇ 5 ਸੈਸ਼ਨ ਹੋਣਗੇ, 26 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ, ਦੁਪਹਿਰ 2 ਵਜੇ ਤੋਂ 3.30 ਵਜੇ ਤੇ ਸ਼ਾਮ 3.45 ਵਜੇ ਤੋਂ ਸ਼ਾਮ 6 ਵਜੇ ਤੱਕ, ਉਦਯੋਗਿਕ ਕਾਮਿਆਂ ਦਾ ਸੈਸ਼ਨ ਤੇ ਖੇਤੀਬਾੜੀ ਕਿਰਤ, ਪੇਂਡੂ ਗਰੀਬ ਤੇ ਆਦਿਵਾਸੀ ਲੋਕਾਂ ਦਾ ਸੈਸ਼ਨ ਹੋਵੇਗਾ। 27 ਅਗਸਤ ਨੂੰ 2 ਸੈਸ਼ਨ ਹੋਣਗੇ, ਪਹਿਲਾ ਸਵੇਰੇ 9.30 ਵਜੇ ਤੋਂ ਦੁਪਹਿਰ 12 ਵਜੇ ਤੱਕ ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਹੋਰ ਕਿਰਤੀ ਵਰਗਾਂ ਨਾਲ ਸਬੰਧਤ ਤੇ ਆਖਰੀ ਸਮਾਪਤੀ ਸੈਸ਼ਨ ਦੁਪਹਿਰ 12 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਲਗਭਗ 1500 ਡੈਲੀਗੇਟ ਕਾਨਫਰੰਸ ਵਿੱਚ ਹਿੱਸਾ ਲੈਣਗੇ।