ਬਨਿਹਾਲ/ਜੰਮੂ, 18 ਅਪਰੈਲ
ਜੰਮੂੁ-ਸ੍ਰੀਨਗਰ ਕੌਮੀ ਮਾਰਗ ’ਤੇ ਫਸੇ ਵਾਹਨਾਂ ਨੂੰ ਕੱਢਣ ਲਈ ਅੱਜ ਮਾਰਗ ਆਵਾਜਾਈ ਲਈ ਮੁੜ ਖੋਲ੍ਹਿਆ ਗਿਆ। ਪ੍ਰਸ਼ਾਸਨ ਵੱਲੋਂ ਰਾਮਬਨ ਜ਼ਿਲ੍ਹੇ ’ਚ ਕੌਮੀ ਮਾਰਗ ’ਤੇ ਕਈ ਥਾਈਂ ਢਿੱਗਾਂ ਡਿੱਗਣ ਕਾਰਨ ਜਮ੍ਹਾਂ ਹੋਇਆ ਮਲਬਾ ਸਾਫ਼ ਕਰਵਾਉਣ ਮਗਰੋਂ ਫਸੇ ਹੋਏ ਲੱਗਪਗ 15 ਸੌ ਵਾਹਨਾਂ, ਜਿਨ੍ਹਾਂ ਵਿੱਚ ਤੇਲ ਵਾਲੇ ਟਰੱਕਾਂ ਸਣੇ ਜ਼ਰੂਰੀ ਵਸਤਾਂ ਵਾਲੇ ਹੋਰ ਵਾਹਨ ਸ਼ਾਮਲ ਸਨ, ਨੂੰ ਕਸ਼ਮੀਰ ਵੱਲ ਰਵਾਨਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਹਾਲਾਂਕਿ ਹਾਈਵੇਅ ਬੰਦ ਹੋਣ ਕਾਰਨ ਸਵੇਰੇ ਸ੍ਰੀਨਗਰ ਜਾਂ ਜੰਮੂੁ ਤੋਂ ਹੋਰ ਵਾਹਨਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਭਾਰੀ ਬਾਰਿਸ਼ ਮਗਰੋਂ ਕੈਫੇਟੇਰੀਆ ਅਤੇ ਪੰਥਿਆਲ ਸਣੇ ਰਾਮਬਨ ਤੇ ਰਮਸੂ ਵਿਚਾਲੇ ਢਿੱਗਾਂ ਡਿੱਗਣ ਕਾਰਨ ਇਹ ਮਾਰਗ ਸ਼ਨਿਚਰਵਾਰ ਤੋਂ ਬੰਦ ਸੀ। ਉਨ੍ਹਾਂ ਦੱਸਿਆ ਕਿ ਕਸ਼ਮੀਰ ਵੱਲ ਜਾਣ ਵਾਲੇ 15 ਸੌ ਤੋਂ ਵੱਧ ਵਾਹਨ, ਜਿਨ੍ਹਾਂ ਵਿੱਚ ਬਹੁਤੇ ਵਾਦੀ ’ਚ ਜ਼ਰੂਰੀ ਵਸਤਾਂ ਪਹੁੰਚਾਉਣ ਵਾਲੇ ਵਾਹਨ ਸਨ, ਨੂੰ ਰਸਤਾ ਸਾਫ਼ ਹੋਣ ਮਗਰੋਂ ਅੱਜ ਦੁਪਹਿਰ ਊਧਮਪੁਰ ਅਤੇ ਰਾਮਬਨ ਤੋਂ ਜਾਣ ਦੀ ਆਗਿਆ ਦਿੱਤੀ ਗਈ। ਉਨ੍ਹਾਂ ਮੁਤਾਬਕ ਚਾਰ ਮਾਰਗੀ ਪ੍ਰਾਜੈਕਟ ਦਾ ਕੰਮ ਚੱਲਦਾ ਹੋਣ ਅਤੇ ਕੁਝ ਕਾਰਨਾਂ ਕਰਕੇ ਕੌਮੀ ਮਾਰਗ ’ਤੇ ਇੱਕ ਪਾਸਿਓਂ ਆਵਾਜਾਈ ਬੰਦ ਕੀਤੀ ਗਈ ਹੈ। -ਪੀਟੀਆਈ