ਨਵੀਂ ਦਿੱਲੀ, 3 ਦਸੰਬਰ
ਉੱਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਉਨ੍ਹਾਂ ਦੀ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਨਿਰਸਵਾਰਥ ਨੇਤਾ ਸਨ ਜਿਨ੍ਹਾਂ ਨੇ ਰਾਜ ਵਿਵਸਥਾ ਨੂੰ ਦਿਸ਼ਾ ਪ੍ਰਦਾਨ ’ਚ ਅਹਿਮ ਰੋਲ ਨਿਭਾਇਆ। ਬਿਹਾਰ ਵਿੱਚ 1884 ’ਚ ਜਨਮੇ ਰਾਜਿੰਦਰ ਪ੍ਰਸਾਦ 1950 ਤੋਂ 1962 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ। ਉਨ੍ਹਾਂ ਨੇ ਸੰਵਿਧਾਨਕ ਅਸੈਂਬਲੀ ਦੀ ਅਗਵਾਈ ਵੀ ਕੀਤੀ। ਉਪ-ਰਾਸ਼ਟਰਪਤੀ ਸਕੱਤਰੇਤ ਵੱਲੋਂ ਕੀਤੇ ਟਵੀਟ ਮੁਤਾਬਕ ਸ੍ਰੀ ਨਾਇਡੂ ਨੇ ਕਿਹਾ, ‘ਮੈਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕਰਦਾ ਹਾਂ। ਉਹ ਇੱਕ ਨਿਰਸਵਾਰਥ ਨੇਤਾ ਸਨ ਜਿਨ੍ਹਾਂ ਭਾਰਤ ਦੀ ਰਾਜ ਵਿਵਸਥਾ ਨੂੰ ਘੜਨ ’ਚ ਅਹਿਮ ਭੂਮਿਕਾ ਨਿਭਾਈ। ਆਪਣੇ ਸਾਦਗੀ ਅਤੇ ਦੂਜਿਆਂ ਪ੍ਰਤੀ ਦਇਆ ਭਾਵ ਲਈ ਉਹ ਹਮੇਸ਼ਾ ਯਾਦ ਰਹਿਣਗੇ।’
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਯਾਦ ਕਰਦਿਆਂ ਟਵੀਟ ਕੀਤਾ, ‘ਆਪਣੇ ਸਾਦਾ ਜੀਵਨ ਅਤੇ ਉੱਚੇ ਵਿਚਾਰਾਂ ਕਰਕੇ ਉਹ ਲੋਕਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ।’ ਸ੍ਰੀ ਮੋਦੀ ਨੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਵੱਲੋਂ ਸੰਵਿਧਾਨ ਦੇ ਨਿਰਮਾਣ ’ਚ ਪਾਏ ਗਏ ਯੋਗਦਾਨ ਨੂੰ ਬੇਮਿਸਾਲ ਕਰਾਰ ਦਿੱਤਾ।
-ਪੀਟੀਆਈ