ਨਵੀਂ ਦਿੱਲੀ, 30 ਜੁਲਾਈ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਕੁਝ ਲੋਕ ਧਰਮ ਅਤੇ ਵਿਚਾਰਧਾਰਾ ਦੇ ਨਾਂ ’ਤੇ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ ਤੇ ਇਸ ਰੁਝਾਨ ਦਾ ਮੁਕਾਬਲਾ ਕਰਨ ਲਈ ਧਾਰਮਿਕ ਆਗੂਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਗਲਤਫਹਿਮੀਆਂ ਦੂਰ ਕਰਨ ਤੇ ਹਰ ਧਾਰਮਿਕ ਸੰਸਥਾ ਨੂੰ ਭਾਰਤ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਣ ਲਈ ਸਾਂਝੇ ਯਤਨ ਵਿੱਢਣ ਦੀ ਲੋੜ ਹੈ। ਉਹ ਇੱਥੇ ਕੰਸਟੀਟਿਊਸ਼ਨ ਕਲੱਬ ਵਿੱਚ ਆਲ ਇੰਡੀਆ ਸੂਫ਼ੀ ਸਜਾਦਾਨਸ਼ੀਨ ਕੌਂਸਲ (ਏਆਈਐੱਸਐੱਸਸੀ) ਵੱਲੋਂ ਕਰਵਾਈ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵੱਖ-ਵੱਖ ਧਰਮਾਂ ਦੇ ਆਗੂ ਮੌਜੂਦ ਸਨ। ਸ੍ਰੀ ਡੋਵਾਲ ਨੇ ਕਿਹਾ,‘ਕੁਝ ਲੋਕ ਧਰਮ ਦੇ ਨਾਂ ’ਤੇ ਦੁਸ਼ਮਣੀ ਪੈਦਾ ਕਰਦੇ ਹਨ, ਜਿਸ ਦਾ ਸਾਰੇ ਮੁਲਕ ’ਤੇ ਮਾੜਾ ਅਸਰ ਪੈਂਦਾ ਹੈ। ਅਸੀਂ ਸਾਰੇ ਇਸ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖ ਸਕਦੇ। ਇਸ ਦਾ ਮੁਕਾਬਲਾ ਕਰਨ ਲਈ ਸਾਨੂੰ ਰਲ-ਮਿਲ ਕੇ ਕੰਮ ਕਰਨਾ ਪਵੇਗਾ।-ਏਜੰਸੀ