ਨਵੀਂ ਦਿੱਲੀ: ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਕੁਝ ਲੋਕ ਧਰਮ ਅਤੇ ਵਿਚਾਰਧਾਰਾ ਦੇ ਨਾਂ ’ਤੇ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ ਤੇ ਇਸ ਰੁਝਾਨ ਦਾ ਮੁਕਾਬਲਾ ਕਰਨ ਲਈ ਧਾਰਮਿਕ ਆਗੂਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਗਲਤਫਹਿਮੀਆਂ ਦੂਰ ਕਰਨ ਤੇ ਹਰ ਧਾਰਮਿਕ ਸੰਸਥਾ ਨੂੰ ਭਾਰਤ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਣ ਲਈ ਯਤਨ ਵਿੱਢਣ ਦੀ ਲੋੜ ਹੈ। ਉਨ੍ਹਾਂ ਇਹ ਵਿਚਾਰ ਇੱਥੇ ਕੰਸਟੀਟਿਊਸ਼ਨ ਕਲੱਬ ਵਿੱਚ ਆਲ ਇੰਡੀਆ ਸੂਫ਼ੀ ਸਜਾਦਾਨਸ਼ੀਨ ਕੌਂਸਿਲ (ਏਆਈਐੱਸਐੱਸਸੀ) ਵੱਲੋਂ ਕਰਵਾਈ ਇੱਕ ਕਾਨਫਰੰਸ ਵਿੱਚ ਪ੍ਰਗਟਾਏ। ਇਸ ਮੌਕੇ ਵੱਖ-ਵੱਖ ਧਰਮਾਂ ਦੇ ਕਈ ਆਗੂ ਮੌਜੂਦ ਸਨ। ਸ੍ਰੀ ਡੋਵਾਲ ਨੇ ਕਿਹਾ,‘ਕੁਝ ਲੋਕ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ, ਜਿਸ ਨਾਲ ਸਾਰੇ ਮੁਲਕ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਸੀਂ ਸਾਰੇ ਇਸ ਸਭ ਕੁਝ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਸਹਿਣ ਕਰ ਸਕਦੇ। -ਪੀਟੀਆਈ