ਨਵੀਂ ਦਿੱਲੀ: ਧਰਮ ਸੰਸਦ ਨਫ਼ਰਤੀ ਭਾਸ਼ਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਕੀਤੀ ਖਿਚਾਈ ਮਗਰੋਂ ਹੁਣ ਦਿੱਲੀ ਪੁਲੀਸ ਨੇ ਯੂ-ਟਰਨ ਲੈਂਦਿਆਂ ਅਦਾਲਤ ਨੂੰ ਦੱਸਿਆ ਹੈ ਕਿ ਸਬੂਤਾਂ ਦੀ ਜਾਂਚ-ਪੜਤਾਲ ਮਗਰੋਂ ਐਫਆਈਆਰ ਦਰਜ ਕਰ ਲਈ ਗਈ ਹੈ। ਅਦਾਲਤ ਨੇ ਹਲਫ਼ਨਾਮੇ ਦੇ ਮਾਮਲੇ ’ਤੇ ਦਿੱਲੀ ਪੁਲੀਸ ਦੀ ਝਾੜ-ਝੰਬ ਕੀਤੀ ਸੀ। ਇਕ ਨਵੇਂ ਹਲਫ਼ਨਾਮੇ ਵਿਚ ਪੁਲੀਸ ਨੇ ਕਿਹਾ ਕਿ ਸ਼ਿਕਾਇਤ ਵਿਚ ਦਿੱਤੇ ਗਏ ਸਾਰੇ ਲਿੰਕ ਤੇ ਹੋਰ ਸਮੱਗਰੀ ਦੀ ਘੋਖ ਕੀਤੀ ਗਈ ਹੈ। ਯੂਟਿਊਬ ਉਤੇ ਇਕ ਵੀਡੀਓ ਵੀ ਮਿਲਿਆ ਹੈ। ਇਸ ਤੋਂ ਬਾਅਦ ਓਖਲਾ ਸਨਅਤੀ ਇਲਾਕੇ ਦੇ ਪੁਲੀਸ ਸਟੇਸ਼ਨ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਇਹ ਕੇਸ ਆਈਪੀਸੀ ਦੀ ਧਾਰਾ 153ਏ, 295ਏ, 298 ਤੇ 34 ਤਹਿਤ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅਦਾਲਤ ਵਿਚ ਕਿਹਾ ਕਿ ਮਾਮਲੇ ਦੀ ਜਾਂਚ ਕਾਨੂੰਨੀ ਦਾਇਰੇ ਵਿਚ ਹੋਵੇਗੀ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਕਿਹਾ ਸੀ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਭਾਸ਼ਣ ਵਿਚ ਕਿਸੇ ਵਿਸ਼ੇਸ਼ ਫ਼ਿਰਕੇ ਖ਼ਿਲਾਫ਼ ਨਫ਼ਰਤੀ ਸ਼ਬਦ ਨਹੀਂ ਸਨ, ਤੇ ਸਮਾਗਮ ਵਿਚ ਜੁੜੇ ਵਿਅਕਤੀਆਂ ਦਾ ਮੰਤਵ ਆਪਣੇ ਫ਼ਿਰਕੇ ਦੀਆਂ ਨੈਤਿਕ ਕਦਰਾਂ-ਕੀਮਤਾਂ ਦੀ ਰਾਖੀ ਸੀ। ਅਗਲੀ ਸੁਣਵਾਈ 9 ਨੂੰ ਹੋਵੇਗੀ। -ਆਈਏਐਨਐੱਸ