ਲਖ਼ਨਊ, 2 ਅਗਸਤ
ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਮਹਾਮੰਡਲੇਸ਼ਵਰ ਕਨ੍ਹੱਈਆ ਪ੍ਰਭੂਨੰਦਨ ਗਿਰੀ ਦੇ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਉਨ੍ਹਾਂ ਕਿਹਾ ਹੈ ਕਿ ‘ਸੰਤ ਕਦੇ ਦਲਿਤ ਨਹੀਂ ਹੁੰਦਾ।’ ਟਰੱਸਟ ਵਿਚ ਦਲਿਤਾਂ ਨੂੰ ਸ਼ਾਮਲ ਕਰਨ ਬਾਰੇ ਚੌਪਾਲ ਨੇ ਕਿਹਾ ‘ਮੈਂ ਦਲਿਤ ਹਾਂ ਤੇ ਮੈਨੂੰ ਟਰੱਸਟ ਦਾ ਮੈਂਬਰ ਬਣਾਇਆ ਗਿਆ ਹੈ।’ ਪ੍ਰਯਾਗਰਾਜ ਦੇ ਮਹਾਮੰਡਲੇਸ਼ਵਰ ਕਨ੍ਹੱਈਆ ਪ੍ਰਭੂਨੰਦਨ ਗਿਰੀ ਨੇ ਹਾਲ ਹੀ ਵਿਚ ਦੋਸ਼ ਲਾਇਆ ਸੀ ਕਿ ਦਲਿਤ ਸੰਤਾਂ ਨੂੰ ਪੰਜ ਅਗਸਤ ਨੂੰ ਹੋ ਰਹੇ ਭੂਮੀ ਪੂਜਨ ਦੀਆਂ ਰਸਮਾਂ ਵਿਚ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਕਿਸੇ ਨੂੰ ਸੱਦਾ ਵੀ ਨਹੀਂ ਭੇਜਿਆ ਗਿਆ। ਸਵਾਮੀ ਕਨ੍ਹੱਈਆ ਨੇ ਨਾਲ ਹੀ ਦੋਸ਼ ਲਾਇਆ ਸੀ ਕਿ ਕਿਸੇ ਦਲਿਤ ਨੂੰ ਟਰੱਸਟ ਦਾ ਮੈਂਬਰ ਵੀ ਨਹੀਂ ਬਣਾਇਆ ਗਿਆ। ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਇਸ ਮੁੱਦੇ ਉਤੇ ਨਾਖ਼ੁਸ਼ੀ ਪ੍ਰਗਟਾਈ ਸੀ। ਚੌਪਾਲ ਨੇ ਕਿਹਾ ਕਿ ਦੋਸ਼ਾਂ ਪਿੱਛੇ ਭਰੋਸੇ ਦੀ ਕਮੀ ਝਲਕਦੀ ਹੈ। ਉਨ੍ਹਾਂ ਕਿਹਾ ਕਿ ਮਹਾਮੰਡਲੇਸ਼ਵਰ ਵੀ ਕੋਈ ਖ਼ੁਦ ਨਹੀਂ ਬਣ ਸਕਦਾ, ਇਸ ਦੀ ਨਿਯੁਕਤੀ ਅਖਾੜਾ ਕੌਂਸਲ ਕਰਦੀ ਹੈ। ਮੈਰਿਟ ਦੇ ਅਧਾਰ ’ਤੇ ਸਭ ਹੁੰਦਾ ਹੈ। ਅਖਾੜਾ ਪ੍ਰੀਸ਼ਦ ਕਿਸੇ ਵੀ ਸੰਤ ਨੂੰ ਜਾਤ ਦੀ ਤੱਕੜੀ ਵਿਚ ਨਹੀਂ ਤੋਲਦੀ।
-ਆਈਏਐਨਐੱਸ