ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਮਈ
ਮੁੱਖ ਅੰਸ਼
- ਦਿੱਲੀ ਪੁਲੀਸ ਵੱਲੋਂ ਤਿੰਨ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ
- ਕਿਸਾਨ ਟਰੈਕਟਰ ਰੈਲੀ ਦੌਰਾਨ ਹਿੰਸਾ ਸੋਚੀ-ਸਮਝੀ ਸਾਜ਼ਿਸ਼ ਕਰਾਰ
-
ਇਤਿਹਾਸਕ ਸਥਾਨ ਦੀ ਪਵਿੱਤਰਤਾ ਭੰਗ ਕਰਨ, ਭੰਨ-ਤੋੜ ਅਤੇ ਹਿੰਸਾ ਕਰਨ ਦੋਸ਼
ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਤੀਸ ਹਜ਼ਾਰੀ ਅਦਾਲਤ ਵਿੱਚ ਡਿਊਟੀ ਮੈਜਿਸਟਰੇਟ ਸਾਹਿਲ ਮੋਂਗਾ ਅੱਗੇ 3000 ਸਫ਼ਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਚਾਰਜਸ਼ੀਟ ’ਚ ਅਦਾਕਾਰ ਦੀਪ ਸਿੱਧੂ ਅਤੇ ਹੋਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਮੁਲਜ਼ਮਾਂ ਵੱਲੋਂ ਦਿੱਤੇ ਗਏ ਬਿਆਨਾਂ ਅਤੇ ਹਿੰਸਾ ਨਾਲ ਜੁੜੇ ਸਬੂਤਾਂ ਨੂੰ ਚਾਰਜਸ਼ੀਟ ਦਾ ਆਧਾਰ ਬਣਾਇਆ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਚਾਰਜਸ਼ੀਟ 17 ਮਈ ਨੂੰ ਦਾਖ਼ਲ ਕੀਤੀ ਗਈ ਹੈ। ਚਾਰਜਸ਼ੀਟ ’ਚ ਦੋਸ਼ ਲਾਇਆ ਗਿਆ ਹੈ ਕਿ ਲਾਲ ਕਿਲੇ ਵਿੱਚ ਭੰਨ-ਤੋੜ ਲਈ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਪੁਲੀਸ ਅਤੇ ਕਿਸਾਨ ਆਗੂਆਂ ਵਿਚਾਲੇ ਤਿੰਨ ਮਾਰਗਾਂ ਤੋਂ ਟਰੈਕਟਰ ਰੈਲੀ ਕੱਢਣ ਲਈ ਹੋਏ ਸਮਝੌਤੇ ਨੂੰ ਤੋੜਨ ਦੀ ਪਹਿਲਾਂ ਤੋਂ ਸੋਚੀ-ਸਮਝੀ ਤੇ ਚੰਗੇ ਤਾਲਮੇਲ ਨਾਲ ਯੋਜਨਾ ਬਣਾਈ ਸੀ। ਪੁਲੀਸ ਵੱਲੋਂ ਇਕਬਾਲ ਸਿੰਘ ਦੇ ਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਫੇਸਬੁੱਕ’ਤੇ ‘ਲਾਈਵ’ ਹੋਇਆ ਸੀ ਅਤੇ ਉਸ ’ਤੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦਾ ਦੋਸ਼ ਲਾਇਆ ਗਿਆ ਹੈ। ਕੋਤਵਾਲੀ ਦੇ ਐੱਸਐੱਚਓ ਰਿਤੂਰਾਜ ਵੱਲੋਂ ਦਿੱਤੀ ਸ਼ਿਕਾਇਤ ’ਤੇ ਦਰਜ ਐੱਫਆਈਆਰ ਮੁਤਾਬਕ ਅੰਦਾਜ਼ਨ ਇੱਕ ਹਜ਼ਾਰ ਲੋਕ, 30-40 ਟਰੈਕਟਰ ਅਤੇ 150 ਦੇ ਕਰੀਬ ਮੋਟਰਸਾਈਕਲਾਂ ਤੇ ਕਾਰਾਂ ਨਾਲ ਸਾਹਮਣੇ ਮੈਦਾਨ ਅਤੇ ਲਾਲ ਕਿਲੇ ਅੰਦਰ ਦਾਖ਼ਲ ਹੋਏ ਸਨ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਮੁਲਾਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ’ਤੇ ਹਮਲਾ ਕੀਤਾ। ਉਨ੍ਹਾਂ ਕੋਲ ਮੌਜੂਦ ਲਾਠੀਆਂ ਅਤੇ ਹੋਰ ਸਾਮਾਨ ਨੂੰ ਲੁੱਟ ਲਿਆ ਗਿਆ ਤੇ ਇਕ ਟਾਇਲਟ ਵਿੱਚ ਬੰਦ ਕਰ ਦਿੱਤਾ ਗਿਆ। ਹਿੰਸਾ ਲਈ ਗ੍ਰਿਫ਼ਤਾਰ ਕੀਤੇ ਗਏ 16 ਵਿਅਕਤੀਆਂ ਵਿੱਚੋਂ 13 ਹੁਣ ਜ਼ਮਾਨਤ ’ਤੇ ਹਨ। ਲਾਲ ਕਿਲੇ ਦੀ ਫਸੀਲ ’ਤੇ ਲੱਗੇ ਡੰਡੇ ’ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਵਿਅਕਤੀ ਦੀ ਪਛਾਣ ਜੁਗਰਾਜ ਸਿੰਘ ਵਜੋਂ ਹੋਈ ਹੈ। ਚਾਰਜਸ਼ੀਟ ਮੁਤਾਬਕ ਖੇਮਪ੍ਰੀਤ ਸਿੰਘ ਬਰਛੀ ਰਾਹੀਂ ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕਰਦੇ ਦੇਖਿਆ ਗਿਆ। ਇੱਕ ਵੀਡੀਓ ਵਿੱਚ ਮਨਿੰਦਰ ਸਿੰਘ ਮੋਨੀ ਨਾਂ ਦਾ ਨੌਜਵਾਨ ਦੋ ਕਿਰਪਾਨਾਂ ਨਾਲ ਲਾਲ ਕਿਲੇ ’ਤੇ ਦੇਖਿਆ ਗਿਆ ਸੀ ਅਤੇ ਉਹ ਅਜੇ ਵੀ ਜੇਲ੍ਹ ਵਿੱਚ ਬੰਦ ਹਨ। ਪੁਲੀਸ ਜਾਂਚ ਦੌਰਾਨ ਖੇਮਪ੍ਰੀਤ ਨੇ ਖੁਲਾਸਾ ਕੀਤਾ ਕਿ 26 ਜਨਵਰੀ ਨੂੰ ਉਹ ਆਪਣੇ ਸਾਥੀਆਂ ਸਮੇਤ ਸੰਜੇ ਗਾਂਧੀ ਟਰਾਂਸਪੋਰਟ ਨਗਰ ਤੋਂ ਭੀੜ ਵਿੱਚ ਸ਼ਾਮਲ ਹੋਇਆ ਸੀ ਤੇ ਆਖਰਕਾਰ ਬੁਰਾੜੀ ਅਤੇ ਛੱਟ ਰੇਲ ਵਿਖੇ ਬੈਰੀਕੇਡਾਂ ਦੀ ਉਲੰਘਣਾ ਕਰਕੇ ਲਾਲ ਕਿਲੇ ਪਹੁੰਚਿਆ ਸੀ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਮੁਜ਼ਾਹਰਾਕਾਰੀਆਂ ਨੇ ਸੁਰੱਖਿਆ ਬਲਾਂ ਨਾਲ ਹਿੰਸਕ ਟਕਰਾਅ ਕੀਤਾ ਅਤੇ ਇਤਿਹਾਸਕ ਯਾਦਗਾਰ ਦੀ ਪਵਿੱਤਰਤਾ ਭੰਗ ਕੀਤੀ।
ਘਟਨਾ ’ਚ ਸ਼ਮੂਲੀਅਤ ਤੋਂ ਇਨਕਾਰ ਕਰਦਾ ਰਿਹਾ ਹੈ ਦੀਪ ਸਿੱਧੂ
ਅਦਾਕਾਰ ਦੀਪ ਸਿੱਧੂ ਨੂੰ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਉਸ ਨੂੰ ਫੜਨ ਲਈ ਪੂਰੇ ਉੱਤਰ ਭਾਰਤ ਵਿੱਚ ਮੁਹਿੰਮ ਚਲਾਈ ਹੋਈ ਸੀ। 26 ਜਨਵਰੀ ਨੂੰ ਲਾਲ ਕਿਲੇ ’ਤੇ ਹਿੰਸਾ ਦੌਰਾਨ ਸਾਹਮਣੇ ਆਏ ਵੀਡੀਓਜ਼ ਅਤੇ ਫੋਟੋਆਂ ਤੋਂ ਬਾਅਦ ਦੀਪ ਸਿੱਧੂ ਗਾਇਬ ਹੋ ਗਿਆ ਸੀ। ਹਿੰਸਾ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਉਹ ਫੇਸਬੁੱਕ ’ਤੇ ਨਿਯਮਿਤ ਤੌਰ ’ਤੇ ਵੀਡੀਓ ਪੋਸਟ ਕਰ ਰਿਹਾ ਸੀ। ਇਸ ਮਗਰੋਂ ਉਸ ਨੂੰ ਫੜ ਲਿਆ ਗਿਆ ਸੀ। ਉਸ ਦੀ ਜ਼ਮਾਨਤ ਅਰਜ਼ੀਆਂ ਕਈ ਵਾਰ ਰੱਦ ਹੋਈਆਂ ਅਤੇ ਅਖੀਰ 26 ਅਪਰੈਲ ਨੂੰ ਉਸ ਨੂੰ ਜ਼ਮਾਨਤ ਮਿਲੀ ਸੀ।
ਲੱਖਾ ਸਿਧਾਣਾ ਅਤੇ 6 ਹੋਰ ਵਿਅਕਤੀ ਫਰਾਰ ਕਰਾਰ
ਪੁਲੀਸ ਨੇ ਲੱਖਾ ਸਿਧਾਣਾ ਅਤੇ ਛੇ ਹੋਰ ਵਿਅਕਤੀਆਂ ਨੂੰ ਫਰਾਰ ਕਰਾਰ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਉਹ ਗ੍ਰਿਫ਼ਤਾਰੀ ਤੋਂ ਬਚ ਰਹੇ ਹਨ। ਲਾਲ ਕਿਲਾ ਹਿੰਸਾ ਲਈ ਦਿੱਲੀ ਪੁਲੀਸ ਨੇ ਕੁੱਲ 44 ਐੱਫਆਈਆਰਜ਼ ਦਰਜ ਕੀਤੀਆਂ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 151 ਲੋਕਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾ ਚੁੱਕੀਆਂ ਹਨ। ਵਕੀਲ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਕਈ ਮੁਕੱਦਮਿਆਂ ਵਿੱਚ ਕੋਈ ਵੀ ਨਾਂ ਦਰਜ ਨਹੀਂ ਹਨ।