ਨਵੀਂ ਦਿੱਲੀ: ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਹੇਠ ਸੁਪਰੀਮ ਕੋਰਟ ਕੌਲਿਜੀਅਮ ਨੇ ਕੇਂਦਰ ਸਰਕਾਰ ਨੂੰ ਉੜੀਸਾ ਹਾਈ ਕੋਰਟ ਦੇ ਚੀਫ਼ ਜਸਟਿਸ ਐੱਸ.ਮੁਰਲੀਧਰ ਤੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਚੀਫ਼ ਜਸਟਿਸ ਪੰਕਜ ਮਿੱਤਲ ਦਾ ਕ੍ਰਮਵਾਰ ਮਦਰਾਸ ਤੇ ਰਾਜਸਥਾਨ ਹਾਈ ਕੋਰਟਾਂ ਵਿੱਚ ਤਬਾਦਲਾ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸੁਪਰੀਮ ਕੋਰਟ ਕੌਲਿਜੀਅਮ, ਜਿਸ ਵਿਚ ਜਸਟਿਸ ਡੀ.ਵਾਈ.ਚੰਦਰਚੂੜ ਤੇ ਜਸਟਿਸ ਸੰਜੈ ਕਿਸ਼ਨ ਕੌਲ ਵੀ ਸ਼ਾਮਲ ਸਨ, ਨੇ ਇਕ ਵੱਖਰੇ ਬਿਆਨ ਵਿੱਚ ਹਾਈ ਕੋਰਟ ਦੇ ਤਿੰਨ ਜੱਜਾਂ ਨੂੰ ਤਰੱਕੀ ਦੇ ਕੇ ਉੜੀਸਾ, ਕਰਨਾਟਕ ਤੇ ਜੰਮੂ ਕਸ਼ਮੀਰ ਹਾਈ ਕੋਰਟਾਂ ਦਾ ਚੀਫ਼ ਜਸਟਿਸ ਲਾਉਣ ਦੀ ਵੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿਚੋਂ ਜਸਟਿਸ ਜਸਵੰਤ ਸਿੰਘ ਨੂੰ ਉੜੀਸਾ ਦਾ ਚੀਫ਼ ਜਸਟਿਸ ਜਦੋਂਕਿ ਜਸਟਿਸ ਪੀ.ਬੀ.ਵਰਾਲੇ ਤੇ ਜਸਟਿਸ ਅਲੀ ਮੁਹੰਮਦ ਮਗਰੇ ਨੂੰ ਕ੍ਰਮਵਾਰ ਕਰਨਾਟਕ ਤੇ ਜੰਮੂ ਕਸ਼ਮੀਰ ਹਾਈ ਕੋਰਟਾਂ ਵਿੱਚ ਤਰੱਕੀ ਦੇ ਕੇ ਚੀਫ਼ ਜਸਟਿਸ ਬਣਾਉਣ ਦੀ ਸ਼ਿਫਾਰਸ਼ ਕੀਤੀ ਗਈ ਹੈ। ਹਾਈ ਕੋਰਟ ਦੇ ਤਿੰਨ ਹੋਰ ਜੱਜਾਂ ਦੇ ਤਬਾਦਲਿਆਂ ਲਈ ਵੱਖਰੇ ਤੌਰ ’ਤੇ ਬਿਆਨ ਜਾਰੀ ਕੀਤਾ ਗਿਆ ਹੈ। -ਪੀਟੀਆਈ