ਨਵੀਂ ਦਿੱਲੀ, 10 ਅਗਸਤ
ਰੇਲਵੇਜ਼ ਬਾਰੇ ਸੰਸਦੀ ਕਮੇਟੀ ਨੇ ਸੀਨੀਅਰ ਸਿਟੀਜ਼ਨਜ਼ ਨੂੰ ਰੇਲ ’ਚ ਸਫ਼ਰ ਦੌਰਾਨ ਛੋਟਾਂ ਦੀ ਸਮੀਖਿਆ ਕਰਨ ਅਤੇ ਸਲੀਪਰ ਕਲਾਸ ਤੇ ਏਸੀ 3 ਟਿਅਰ ’ਚ ਰਿਆਇਤ ਫੌਰੀ ਬਹਾਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਵੱਲੋਂ 4 ਅਗਸਤ ਨੂੰ ਜਮ੍ਹਾਂ ਕਰਵਾਈ ਗਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੀਨੀਅਰ ਸਿਟੀਜ਼ਨਜ਼ ਨੂੰ ਪਹਿਲਾਂ ਰੇਲ ਕਿਰਾਏ ’ਚ 40 ਤੋਂ 50 ਫ਼ੀਸਦੀ ਤੱਕ ਦੀ ਛੋਟ ਦਿੱਤੀ ਜਾਂਦੀ ਸੀ ਪਰ ਕੋਵਿਡ-19 ਸੰਕਟ ਦੌਰਾਨ ਇਸ ਨੂੰ ਰੋਕ ਦਿੱਤਾ ਗਿਆ ਸੀ। ਭਾਜਪਾ ਆਗੂ ਰਾਧਾ ਮੋਹਨ ਸਿੰਘ ਦੀ ਅਗਵਾਈ ਹੇਠਲੀ ਕਮੇਟੀ ਨੇ ਕਿਹਾ ਕਿ ਰੇਲਾਂ ਹੁਣ ਆਮ ਵਾਂਗ ਚੱਲ ਰਹੀਆਂ ਹਨ ਤੇ ਮੁਸਾਫ਼ਰਾਂ ਨੂੰ ਦਿੱਤੀਆਂ ਜਾਂਦੀਆਂ ਰਾਹਤਾਂ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ