ਨਵੀਂ ਦਿੱਲੀ, 5 ਜੁਲਾਈ
ਕੌਮੀ ਜਾਂਚ ਏਜੰਸੀ ਦੇ ਹੱਥ ਵੱਖਵਾਦੀਆਂ ਦੇ ਕਈ ਸਿਫ਼ਾਰਸ਼ੀ ਪੱਤਰ ਲੱਗੇ ਹਨ, ਜਿਨ੍ਹਾਂ ਰਾਹੀਂ ਵੱਖਵਾਦੀਆਂ ਵੱਲੋਂ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਪਾਕਿਸਤਾਨ ਦਾ ਵੀਜ਼ਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਪੱਤਰਾਂ ਨੇ ਵੱਖਵਾਦੀਆਂ ਦੀ ਭੂਮਿਕਾ ਨੂੰ ਉਭਾਰ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਐੱਨਆਈਏ ਨੇ ਪਹਿਲਾਂ ਵੀ ਜੰਮੂ ਕਸ਼ਮੀਰ ਵਿਚ ਰਹਿੰਦੇ ਵੱਖਵਾਦੀਆਂ ਦੀਆਂ ਸਿਫ਼ਾਰਸ਼ਾਂ ’ਤੇ ਪਾਕਿਸਤਾਨ ਵਿੱਚ ਚੱਲਦੀਆਂ ਮੈਡੀਕਲ ਸੰਸਥਾਵਾਂ ’ਚ ਦਾਖ਼ਲੇ ਸਬੰਧੀ ਚਿਤਾਵਨੀ ਜਾਰੀ ਕੀਤੀ ਸੀ ਅਤੇ ਇਸ ਅਮਲ ਨੂੰ ਅੱਤਿਵਾਦੀ ਜਥੇਬੰਦੀਆਂ ਲਈ ਫੰਡਿੰਗ ਦਾ ਇਕ ਬਦਲਵਾਂ ਰਾਹ ਕਰਾਰ ਦਿੱਤਾ ਸੀ। ਸਾਲ 2017 ਵਿੱਚ ਐੱਨਆਈਏ ਨੇ ਅੱਤਿਵਾਦੀ ਗਤੀਵਿਧੀਆਂ ਲਈ ਫੰਡਿੰਗ ਕਰਨ ਦੇ ਮਾਮਲੇ ਦੀ ਜਾਂਚ ਲਈ ਇਕ ਕੇਸ ਦਰਜ ਕੀਤਾ ਸੀ ਅਤੇ ਇਸ ਸਬੰਧ ਵਿੱਚ ਪਾਕਿਸਤਾਨ ਪੱਖੀ ਵੱਖਵਾਦੀ ਸਈਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਅਹਿਮਦ ਸ਼ਾਹ ਉਰਫ਼ ‘ਫੰਟੂਸ਼’ ਸਣੇ ਕਰੀਬ 12 ਜਣਿਆਂ ੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਵਿੱਚ ਜੰਮੂ ਕਸ਼ਮੀਰ ਤੋਂ 100 ਤੋਂ ਵੱਧ ਵਿਦਿਆਰਥੀ ਉਚੇਰੀ ਸਿੱਖਿਆ ਖ਼ਾਸ ਕਰ ਕੇ ਐੱਮਬੀਬੀਐੱਸ ਲਈ ਪਾਕਿਸਤਾਨ ਭੇਜੇ ਗਏ ਅਤੇ ਐੱਨਆਈਏ ਵੱਲੋਂ ਵਿਦਿਆਰਥੀਆਂ, ਪਾਕਿਤਸਾਨੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਵਾਦੀ ਦੇ ਵੱਖਵਾਦੀਆਂ ਵਿਚਾਲੇ ਸਬੰਧਾਂ ਨੂੰ ਬੇਨਕਾਬ ਕੀਤਾ ਜਾ ਚੁੱਕਿਆ ਹੈ। ਜਾਂਚ ਵਿੱਚ ਪਾਇਆ ਗਿਆ ਕਿ ਵਿਦਿਆਰਥੀ ਵੀਜ਼ਾ ’ਤੇ ਪਾਕਿਸਤਾਨ ਗਏ ਵਿਦਿਆਰਥੀ ਸਰਗਰਮ ਅੱਤਿਵਾਦੀਆਂ ਜਾਂ ਸਾਬਕਾ ਅੱਤਿਵਾਦੀਆਂ ਦੇ ਰਿਸ਼ਤੇਦਾਰ ਸਨ।
ਜਾਂਚ ਦੌਰਾਨ ਵੱਖਵਾਦੀਆਂ ਤੋਂ ਕਬਜ਼ੇ ਵਿੱਚ ਲਏ ਗਏ ਸਿਫ਼ਾਰਸ਼ੀ ਪੱਤਰਾਂ ਵਿੱਚ ਦਿੱਤੇ ਗਏ ਸੋਸ਼ਲ ਮੀਡੀਆ ਲਿੰਕਾਂ ਤੋਂ ਸੰਕੇਤ ਮਿਲਦੇ ਹਨ ਕਿ ਇਹ ਵਿਦਿਆਰਥੀ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਦਾਖ਼ਲੇ ਵਾਦੀ ਵਿੱਚ ਅੱਤਿਵਾਦੀ ਜਥੇਬੰਦੀਆਂ ਨੂੰ ਫੰਡਿੰਗ ਕਰਨ ਦਾ ਇਕ ਬਦਲਵਾਂ ਰਾਹ ਬਣ ਗਏ ਹਨ।
-ਪੀਟੀਆਈ