
ਗੁਹਾਟੀ ਦੇ ਹੋਟਲ ’ਚ ਮਹਾਰਾਸ਼ਟਰ ਦੇ ਖੇਤੀ ਮੰਤਰੀ ਦਾਦਾਜੀ ਦਗਾਡੂ ਭੂਸੇ ਅਤੇ ਹੋਰ ਬਾਗੀ ਵਿਧਾਇਕਾਂ ਨਾਲ ਗੱਲਬਾਤ ਕਰਦੇ ਹੋਏ ਏਕਨਾਥ ਸ਼ਿੰਦੇ। -ਫੋਟੋ: ਪੀਟੀਆਈ
ਮੁੱਖ ਅੰਸ਼
- ਬ਼ਗਾਵਤ ਪਿੱਛੇ ਭਾਜਪਾ ਦਾ ਹੱਥ ਹੋਣ ਦੀ ਗੱਲ ਕੀਤੀ
- ਸ਼ਰਦ ਪਵਾਰ ਨੇ ਊਧਵ ਨਾਲ ਕੀਤੀ ਮੁਲਾਕਾਤ
-
ਸ਼ਿਵ ਸੈਨਾ ਹਮਾਇਤੀਆਂ ਦੇ ਸੜਕਾਂ ’ਤੇ ਉਤਰਨ ਬਾਰੇ ਪੁਲੀਸ ਨੇ ਚੌਕਸ ਕੀਤਾ
-
ਸ਼ਿਵ ਸੈਨਾ ਭਵਨ ਤੇ ਮਾਤੋਸ੍ਰੀ ਦੀ ਸੁਰੱਖਿਆ ਵਧਾਈ
ਮੁੰਬਈ, 24 ਜੂਨ
ਦੋ ਖੇਮਿਆਂ ਵਿੱਚ ਵੰਡੀ ਸ਼ਿਵ ਸੈਨਾ ਦੀ ਲੜਾਈ ਹੁਣ ਉਸ ਮੁਕਾਮ ’ਤੇ ਪੁੱਜ ਗਈ ਹੈ, ਜਿੱਥੋਂ ਸ਼ਾਇਦ ਮੁੜਨਾ ਨਾਮੁਮਕਿਨ ਲੱਗਦਾ ਹੈ। ਸਿਆਸੀ ਸੰਕਟ ਵਿੱਚ ਘਿਰੇ ਮੁੱਖ ਮੰਤਰੀ ਊਧਰ ਠਾਕਰੇ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਮੁੱਖ ਮੰਤਰੀ ਨਿਵਾਸ ਛੱਡਿਆ ਹੈ, ਲੜਾਈ ਨਹੀਂ। ਉਨ੍ਹਾਂ ਕਿਹਾ ਕਿ ‘ਠਾਕਰੇ’ ਤੋਂ ਬਿਨਾਂ ਸ਼ਿਵ ਸੈਨਾ ਨਹੀਂ ਹੋ ਸਕਦੀ। ਉਨ੍ਹਾਂ ਗੁਹਾਟੀ ਵਿੱਚ ਡੇਰੇ ਲਾਈ ਬੈਠੇ ਬਾਗ਼ੀ ਵਿਧਾਇਕਾਂ ਨੂੰ ਚੁਣੌਤੀ ਦਿੱਤੀ ਕਿ ਉਹ ‘ਠਾਕਰੇ ਨਾਮ ਤੇ ਸੈਨਾ ਦੇ ਚੋਣ ਨਿਸ਼ਾਨ’ ਦੀ ਵਰਤੋਂ ਕੀਤੇ ਬਿਨਾਂ ਚੋਣ ਲੜ ਕੇ ਵੇਖ ਲੈਣ। ਠਾਕਰੇ ਨੇ ਕਿਹਾ ਕਿ ਉਹ ਆਪਣੀ ਸਰਕਾਰ ਨੂੰ ਦਰਪੇਸ਼ ਸਿਆਸੀ ਸੰਕਟ ਦਾ ਪੂਰੀ ਦ੍ਰਿੜਤਾ ਨਾਲ ਟਾਕਰਾ ਕਰਨਗੇ। ਠਾਕਰੇ ਸ਼ਿਵ ਸੈਨਾ ਭਵਨ ਵਿੱਚ ਪਾਰਟੀ ਦੇ ਜ਼ਿਲ੍ਹਾ ਇਕਾਈ ਮੁਖੀਆਂ ਤੇ ‘ਸੰਪਰਕ ਪ੍ਰਮੁੱਖਾਂ’ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਐੱਨਸੀਪੀ ਮੁਖੀ ਸ਼ਰਦ ਪਵਾਰ ਅੱਜ ਸ਼ਾਮੀਂ ਮੁੱਖ ਮੰਤਰੀ ਊਧਵ ਠਾਕਰੇ ਨੂੰ ਮਿਲੇ। ਠਾਕਰੇ ਦੀ ਨਿੱਜੀ ‘ਮਾਤੋਸ੍ਰੀ’ ਰਿਹਾਇਸ਼ ’ਤੇ ਹੋਈ ਮੁਲਾਕਾਤ ਮੌਕੇ ਐੱਨਸੀਪੀ ਦੇ ਸੂਬਾ ਪ੍ਰਧਾਨ ਜੈਯੰਤ ਪਾਟਿਲ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਵੀ ਮੌਜੂਦ ਸਨ। ਉਧਰ ਪੁਲੀਸ ਅਥਾਰਿਟੀਜ਼ ਨੇ ਗੁੱਸੇ ਵਿੱਚ ਆਏ ਸ਼ਿਵ ਸੈਨਾ ਹਮਾਇਤੀਆਂ ਵੱਲੋਂ ਪੂਰੇ ਸੂਬੇ ਵਿੱਚ ਸੜਕਾਂ ’ਤੇ ਉਤਰ ਕੇ ਰੋਸ ਮੁਜ਼ਾਹਰੇ ਕਰਨ ਸਬੰਧੀ ਚੌਕਸ ਕੀਤਾ ਹੈ। ਇਹਤਿਆਤ ਵਜੋਂ ਸ਼ਿਵ ਸੈਨਾ ਭਵਨ ਤੇ ‘ਮਾਤੋਸ੍ਰੀ’ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਐੱਸਪੀ ਤੇ ਪੁਲੀਸ ਕਮਿਸ਼ਨਰ ਰੈਂਕ ਦੇ ਅਧਿਕਾਰੀਆਂ ਨੂੰ ਇਹਤਿਆਤ ਵਜੋਂ ਲੋੜੀਂਦੇ ਕਦਮ ਚੁੱਕਣ ਲਈ ਆਖ ਦਿੱਤਾ ਹੈ। ਪਾਰਟੀ ਵਿਧਾਇਕਾਂ ਦੇ ਬਾਗ਼ੀ ਟੋਲੇ ਦੀ ਅਗਵਾਈ ਕਰ ਰਹੇ ਏਕਨਾਥ ਸ਼ਿੰਦੇ ਨੂੰ ਕਰਾਰੇ ਹੱਥੀਂ ਲੈਂਦਿਆਂ ਠਾਕਰੇ ਨੇ ਕਿਹਾ ਕਿ ਬਾਗ਼ੀ ਆਗੂ ਦਾ ਆਪਣਾ ਪੁੱਤਰ ਤਾਂ ਲੋਕ ਸਭਾ ਮੈਂਬਰ ਹੈ ਤੇ ਕੀ ਉਸ ਦੇ ਪੁੱਤਰ ਆਦਿੱਤਿਆ ਠਾਕਰੇ ਨੂੰ ਸਿਆਸੀ ਤੌਰ ’ਤੇ ਤਰੱਕੀ ਕਰਨ ਦਾ ਹੱਕ ਨਹੀਂ ? ਠਾਕਰੇ ਨੇ ਕਿਹਾ ਕਿ ਸ਼ਿੰਦੇ ਨੂੰ ਸ਼ਹਿਰੀ ਵਿਕਾਸ ਜਿਹਾ ਅਹਿਮ ਮਹਿਕਮਾ ਦਿੱਤਾ ਗਿਆ ਸੀ, ਜੋ ਆਮ ਕਰਕੇ ਮੁੱਖ ਮੰਤਰੀ ਆਪਣੇ ਕੋਲ ਰੱਖਦੇ ਹਨ। ਠਾਕਰੇ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਕਿਹਾ ਕਿ ਇਸ ਬਗ਼ਾਵਤ ਪਿੱਛੇ ਭਾਜਪਾ ਦਾ ਹੱਥ ਹੈ। ਠਾਕਰੇ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਛੱਡੀ ਹੈ, ਪਰ ਉਨ੍ਹਾਂ ਦਾ ਦ੍ਰਿੜ ਇਰਾਦਾ ਅਜੇ ਵੀ ਜਿਉਂ ਦਾ ਤਿਉਂ ਹੈ। ਉਨ੍ਹਾਂ ਕਿਹਾ, ‘‘ਪਾਰਟੀ ਨੂੰ ਪਹਿਲਾਂ ਵੀ ਬਗ਼ਾਵਤ ਦਰਪੇਸ਼ ਰਹੀ ਹੈ, ਪਰ ਇਸ ਦੇ ਬਾਵਜੂਦ ਉਹ ਦੋ ਵਾਰ ਸੱਤਾ ਵਿੱਚ ਆਈ। ਮੈਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਛੱਡੀ ਹੈ, ਪਰ ਦ੍ਰਿੜ ਇਰਾਦਾ ਨਹੀਂ।’’ ਠਾਕਰੇ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਉਹ ਕੋਵਿਡ-19 ਮਹਾਮਾਰੀ ਦੇ ਨਾਲ ਨਾਲ ਆਪਣੀ ਖਰਾਬ ਸਿਹਤ ਨਾਲ ਲੜਦੇ ਰਹੇ ਹਨ, ਪਰ ਵਿਰੋਧੀਆਂ ਨੇ ਇਨ੍ਹਾਂ ਹਾਲਾਤ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਸ਼ਿਵ ਸੈਨਾ ਆਗੂ ਤੇ ਮੰਤਰੀ ਆਦਿੱਤਿਆ ਠਾਕਰੇ ਵੀ ਮੌਜੂਦ ਸਨ। ਠਾਕਰੇ ਨੇ ਕਿਹਾ ਕਿ ਉਹ ਬਾਗ਼ੀਆਂ ਵਿਧਾਇਕਾਂ ਦੇ ਬੇਦਾਵੇ ਨੂੰ ਫੁੱਲ ਤੇ ਫਲਾਂ ਨਾਲ ਲੱਦੇ ਰੁੱਖ ਨੂੰ ਲੱਗਾ ਰੋਗ ਮੰਨਦੇ ਹਨ। ਉਨ੍ਹਾਂ ਕਿਹਾ, ‘‘ਤੁਸੀਂ ਰੁੱਖ ਨੂੰ ਲੱਗੇ ਫ਼ਲ ਤੇ ਫੁੱਲ ਲਿਜਾ ਸਕਦੇ ਹੋ, ਪਰ ਜਿੰਨੀ ਦੇਰ ਇਸ ਦੀਆਂ ਜੜ੍ਹਾਂ ਮਜ਼ਬੂਤ ਹਨ, ਮੈਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਜੜ੍ਹਾਂ ਨੂੰ ਨਹੀਂ ਪੁੱਟਿਆ ਜਾ ਸਕਦਾ ਤੇ ਹਰ ਮੌਸਮ ਵਿੱਚ ਨਵੇਂ ਪੱਤੇ ਤੇ ਫ਼ਲ ਨਿਕਲਣਗੇ। ਜਿਨ੍ਹਾਂ ਪੱਤਿਆਂ ਨੂੰ ਰੋਗ ਲੱਗਾ ਹੈ, ਉਨ੍ਹਾਂ ਨੂੰ ਲਾਹ ਕੇ ਸੁੱਟਣ ਦੀ ਲੋੜ ਹੈ। ਮੌਜੂਦਾ ਹਾਲਾਤ ਨੂੰ ਇਸੇ ਸੰਦਰਭ ਵਿੱਚ ਸਮਝਿਆ ਜਾਵੇ।’’ ਠਾਕਰੇ ਨੇ ਕਿਹਾ, ‘‘ਮੈਂ ਤੁਹਾਨੂੰ ਬਲੈਕਮੇਲ ਨਹੀਂ ਕਰ ਰਿਹਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਪਾਰਟੀ ਨੂੰ ਚਲਾਉਣ ਦੇ ਅਯੋਗ ਹਾਂ ਤਾਂ ਮੈਂ ਸੈਨਾ ਪ੍ਰਧਾਨ ਦਾ ਅਹੁਦਾ ਛੱਡਣ ਲਈ ਤਿਆਰ ਹਾਂ। ਮੁੱਖ ਮੰਤਰੀ ਦਾ ਅਹੁਦਾ ਵੀ ਮੇਰੇ ਲਈ ਤੁੱਛ ਹੈ। ਜੇਕਰ ਮੈਂ ਪਾਰਟੀ ਚਲਾਉਣ ਦੇ ਯੋਗ ਨਹੀਂ ਤਾਂ ਬਾਲਾਸਾਹਿਬ ਵੀ ਮੈਨੂੰ ਮੁਆਫ਼ ਨਹੀਂ ਕਰਨਗੇ।’’ -ਪੀਟੀਆਈ

ਬਾਗ਼ੀ ਵਿਧਾਇਕਾਂ ਦੀ ਅਸਲ ਪਰਖ ਮੁੰਬਈ ਪਰਤਣ ’ਤੇ ਹੋਵੇਗੀ: ਰਾਊਤ
ਮੁੰਬਈ: ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਮੰਨਿਆ ਕਿ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪਾਰਟੀ ਵਿਧਾਇਕਾਂ ਦੀ ਗਿਣਤੀ ਭਾਵੇਂ ਸੁੰਗੜੀ ਹੈ, ਪਰ ਉਨ੍ਹਾਂ ਨੂੰ ਯਕੀਨ ਹੈ ਕਿ ਬਾਗ਼ੀ ਵਿਧਾਇਕ ਅਸੈਂਬਲੀ ਦੇ ਫਲੋਰ ’ਤੇ ਬਹੁਮੱਤ ਸਾਬਤ ਕਰਨ ਮੌਕੇ ਮਹਾ ਵਿਕਾਸ ਅਘਾੜੀ (ਐੱਮਵੀਏ) ਗੱਠਜੋੜ ਦੀ ਹਮਾਇਤ ਕਰਨਗੇ। ਰਾਊਤ ਨੇ ਕਿਹਾ ਕਿ ‘ਅੰਕੜੇ ਕਿਸੇ ਵੇਲੇ ਵੀ ਬਦਲ ਸਕਦੇ ਹਨ।’ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਬਾਗ਼ੀ ਵਿਧਾਇਕਾਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਅਸਲ ਪਰਖ ਉਨ੍ਹਾਂ ਦੇ ਮੁੰਬਈ ਪਰਤਣ ’ਤੇ ਹੋਵੇਗੀ। ਰਾਊਤ ਨੇ ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ਧਮਕਾਉਣ ਵਾਲੇ ਭਾਜਪਾ ਆਗੂ ਨਰਾਇਣ ਰਾਣੇ ਦੀ ਉਨ੍ਹਾਂ ਦੇ ਅਸਿੱਧੇ ਹਵਾਲੇ ਨਾਲ ਲਾਹ-ਪਾਹ ਕੀਤੀ। ਰਾਊਤ ਨੇ ਕਿਹਾ, ‘‘ਬਾਗ਼ੀ ਵਿਧਾਇਕ ਲੋੜੀਂਦੇੇ ਅੰਕੜਿਆਂ ਦਾ ਦਾਅਵਾ ਕਰਦੇ ਹਨ ਤੇ ਜਮਹੂਰੀਅਤ ਅੰਕੜਿਆਂ ’ਤੇ ਚਲਦੀ ਹੈ। ਪਰ ਅੰਕੜੇ ਕਿਸੇ ਵੇਲੇ ਵੀ ਬਦਲ ਸਕਦੇ ਹਨ। ਜਦੋਂ ਬਾਗ਼ੀ ਮੁੜਨਗੇ, ਇਹ ਉਨ੍ਹਾਂ ਦਾ ਬਾਲਾਸਾਹਿਬ ਤੇ ਸ਼ਿਵ ਸੈਨਾ ਪ੍ਰਤੀ ਵਫ਼ਾਦਾਰੀ ਦਾ ਇਮਤਿਹਾਨ ਹੋਵੇਗਾ।’’ ਰਾਊਤ ਨੇ ਕਿਹਾ, ‘‘ਐੱਮਵੀਏ ਇਕਜੁੱਟ ਹੈ...ਸਾਨੂੰ ਵਿਸ਼ਵਾਸ ਹੈ ਕਿ ਸਦਨ ਵਿੱਚ ਬਹੁਮੱਤ ਸਾਬਤ ਕਰਨ ਮੌਕੇ ਬਾਗ਼ੀ ਵਿਧਾਇਕ ਐੱਮਵੀਏ ਦੀ ਹਮਾਇਤ ਕਰਨਗੇ।’’ ਇਸ ਤੋਂ ਪਹਿਲਾਂ ਰਾਊਤ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪਾਰਟੀ ਨੂੰ ਬਾਗ਼ੀ ਵਿਧਾਇਕਾਂ ਦੇ ਮੁੰਬਈ ਪਰਤਣ ਦੀ ਉਡੀਕ ਹੈ। ਰਾਊਤ ਨੇ ਕਿਹਾ, ‘‘ਮੁੱਖ ਮੰਤਰੀ ਊਧਵ ਠਾਕਰੇ ਨੂੰ ਯਕੀਨ ਹੈ ਕਿ ਬਹੁਤੇ ਬਾਗ਼ੀ ਪਾਰਟੀ ਵਿੱਚ ਮੁੜ ਆਉਣਗੇ। ਰਾਜਪਾਲ ਨੂੰ ਮਿਲਣ ਲਈ ਬਾਗ਼ੀਆਂ ਨੂੰ ਮੁੰਬਈ ਵਾਪਸ ਆਉਣਾ ਹੋਵੇਗਾ, ਜਿਸ ਮਗਰੋਂ ਵਿਧਾਇਕਾਂ ਦੀ ਗਿਣਤੀ ਤੇ ਫਿਰ ਬਹੁਮੱਤ ਸਾਬਤ ਕਰਨ ਲਈ ਵੋਟਿੰਗ ਹੋਵੇਗੀ।’’ ਰਾਊਤ ਨੇ ਸ਼ਰਦ ਪਵਾਰ ਨੂੰ ‘ਧਮਕਾਉਣ’ ਵਾਲੇ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਟਵੀਟ ਰਾਹੀਂ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਕੀ ਭਾਜਪਾ ਅਜਿਹੀ ਭਾਸ਼ਾ ਦੀ ਇਜਾਜ਼ਤ ਦਿੰਦੀ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਹਨ। ਪਰ ਮਹਾਰਾਸ਼ਟਰ ਸ਼ਰਦ ਪਵਾਰ ਖਿਲਾਫ਼ ਅਜਿਹੀ ਭਾਸ਼ਾ ਬਰਦਾਸ਼ਤ ਨਹੀਂ ਕਰੇਗੀ।’’ ਚੇਤੇ ਰਹੇ ਕਿ ਰਾਣੇ ਨੇ ਵੀਰਵਾਰ ਨੂੰ ਪਵਾਰ ਨੂੰ ਮੁਖਾਤਿਬ ਹੁੰਦਿਆਂ ਕਿਹਾ ਸੀ ਕਿ ਐੱਨਸੀਪੀ ਆਗੂ ਵੱਲੋਂ ਬਾਗ਼ੀ ਵਿਧਾਇਕਾਂ ਨੂੰ ਧਮਕਾਇਆ ਜਾ ਰਿਹੈ ਤੇ ਅਤੇ ਜੇਕਰ ਇਨ੍ਹਾਂ ਨੂੰ ਮਹਾਰਾਸ਼ਟਰ ਅਸੈਂਬਲੀ ਵਿੱਚ ਕੁਝ ਹੋਇਆ ਤਾਂ ਇਸ ਦੇ ਸਿੱਟੇ ਭੁਗਤਣੇ ਹੋਣਗੇ। -ਪੀਟੀਆਈ

ਅਸੀਂ ਹੀ ਅਸਲ ਸ਼ਿਵ ਸੈਨਾ ਹਾਂ: ਏਕਨਾਥ ਸ਼ਿੰਦੇ
ਮੁੰਬਈ: ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਵੱਲੋਂ ਕਈ ਬਾਗ਼ੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਦੀ ਮੰਗ ਦਰਮਿਆਨ ਏਕਨਾਥ ਸ਼ਿੰਦੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਅਗਵਾਈ ਵਾਲਾ ਖੇਮਾ ‘ਅਸਲੀ ਸ਼ਿਵ ਸੈਨਾ’ ਹੈ। ਸ਼ਿੰਦੇ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਹਮਾਇਤੀ ਅਯੋਗ ਠਹਿਰਾਉਣ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਬਾਗ਼ੀ ਵਿਧਾਇਕਾਂ ਨੂੰ ‘ਸ਼ਕਤੀਸ਼ਾਲੀ ਕੌਮੀ ਪਾਰਟੀ’ ਦੀ ਹਮਾਇਤ ਹੋਣ ਦੇ ਦਾਅਵਿਆਂ ਤੋਂ ਇਕ ਦਿਨ ਮਗਰੋਂ ਸ਼ਿੰਦੇ ਨੇ ਅੱਜ ਕਿਹਾ ਕਿ ਕੋਈ ਵੀ ਰਾਸ਼ਟਰੀ ਪਾਰਟੀ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ। ਸ਼ਿੰਦੇ ਨੇ ਇਕ ਟੀਵੀ ਚੈਨਲ ਨੂੰ ਦੱਸਿਆ, ‘‘ਜਦੋਂ ਮੈਂ ਕਿਹਾ ਸੀ ਕਿ ਇਕ ਮਹਾ ਸ਼ਕਤੀ ਸਾਡੀ ਹਮਾਇਤ ਕਰ ਰਹੀ ਹੈ, ਤਾਂ ਮੇਰਾ ਮਤਲਬ ਬਾਲਾਸਾਹਿਬ ਅਤੇ (ਮਰਹੂਮ ਸ਼ਿਵ ਸੈਨਾ ਆਗੂ) ਆਨੰਦ ਡੀਗੇ ਦੀ ਸ਼ਕਤੀ ਤੋਂ ਸੀ। ਸ਼ਿੰਦੇ ਨੇ ਕਿਹਾ ਕਿ ਜਲਦੀ ਹੀ ਸਭ ਕੁਝ ਸਾਫ਼ ਹੋ ਜਾਵੇਗਾ। ਸ਼ਿੰਦੇ ਨੇ ਕਿਹਾ, ‘‘55 ਸ਼ਿਵ ਸੈਨਾ ਵਿਧਾਇਕਾਂ ’ਚੋਂ 40 ਮੇਰੇ ਨਾਲ ਗੁਹਾਟੀ ਆੲੇ ਹਨ। ਜਮਹੂਰੀਅਤ ਵਿਚ ਬਹੁਮੱਤ ਤੇ ਅੰਕੜਿਆਂ ਦੀ ਵੁੱਕਤ ਹੈ। ਸੋ ਕਿਸੇ ਨੂੰ ਵੀ ਸਾਡੇ ਖਿਲਾਫ਼ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ।’’ ਇਸ ਦੌਰਾਨ ਸ਼ਿੰਦੇ ਕੈਂਪ ਵਿੱਚ ਅੱਜ ਇਕ ਹੋਰ ਪਾਰਟੀ ਵਿਧਾਇਕ ਦੇ ਸ਼ਾਮਲ ਹੋਣ ਨਾਲ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ਝਟਕਾ ਲੱਗਾ ਹੈ। ਸ਼ਿੰਦੇ ਦੇ ਦਫ਼ਤਰ ਵੱਲੋਂ ਜਾਰੀ ਵੀਡੀਓ ਵਿੱਚ ਵਿਧਾਇਕ ਦਿਲੀਪ ਲੰਡੇ ਗੁਹਾਟੀ ਦੇ ਲਗਜ਼ਰੀ ਹੋਟਲ ਵਿੱਚ ਦਾਖ਼ਲ ਹੁੰਦਾ ਵਿਖਾਈ ਦੇ ਰਿਹਾ ਹੈ। ਲੰਡੇ, ਜੋ ਮੁੰਬਈ ਦੇ ਚਾਂਦੀਵਲੀ ਅਸੈਂਬਲੀ ਹਲਕੇ ਦੀ ਨੁਮਾਇੰਦਗੀ ਕਰਦਾ ਹੈ, ਦੇ ਸ਼ਿੰਦੇ ਕੈਂਪ ਵਿੱਚ ਸ਼ਾਮਲ ਹੋਣ ਨਾਲ ਬਾਗ਼ੀ ਸ਼ਿਵ ਸੈਨਾ ਵਿਧਾਇਕਾਂ ਦੀ ਗਿਣਤੀ 38 ਹੋ ਗਈ ਹੈ। ਸ਼ਿਵ ਸੈਨਾ ਦੇ ਕੁੱਲ 55 ਵਿਧਾਇਕ ਹਨ, ਹਾਲਾਂਕਿ ਸ਼ਿੰਦੇ ਨੇ ਇਨ੍ਹਾਂ ਵਿੱਚੋਂ 40 ਵਿਧਾਇਕਾਂ ਤੇ 12 ਆਜ਼ਾਦ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ ਹੈ।
ਸਿਆਸੀ ਸੰਕਟ ਪਿੱਛੇ ਭਾਜਪਾ ਦੀ ਕੋਈ ਭੂਮਿਕਾ ਨਹੀਂ: ਪਾਟਿਲ
ਮੁੰਬਈ: ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਅੱਜ ਮੁੜ ਜ਼ੋਰ ਦੇ ਕੇ ਆਖਿਆ ਕਿ ਸੂੁਬੇ ਵਿੱਚ ਜਾਰੀ ਸਿਆਸੀ ਸੰਕਟ ਪਿੱਛੇ ਉਨ੍ਹਾਂ ਦੀ ਪਾਰਟੀ ਦੀ ਕੋਈ ਭੂਮਿਕਾ ਨਹੀਂ ਹੈ। ਪਾਟਿਲ ਨੇ ਹਾਲਾਂਕਿ ਮੰਨਿਆ ਕਿ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਦੇੇਵੇਂਦਰ ਫੜਨਵੀਸ ਵੀਰਵਾਰ ਨੂੰ ਦਿੱਲੀ ‘ਕਿਸੇ ਕੰਮ’ ਲਈ ਗਏ ਸਨ। ਪਾਟਿਲ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਐੱਨਸੀਪੀ ਆਗੂ ਸ਼ਰਦ ਪਵਾਰ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਊਧਵ ਠਾਕਰੇ ਸਰਕਾਰ ਨੂੰ ਡੇਗਣ ਦੀਆਂ ਕੋੋਸ਼ਿਸ਼ਾਂ ਪਿੱਛੇ ਭਾਜਪਾ ਦਾ ਹੱਥ ਹੈ। ਇਥੇ ਕੋਲ੍ਹਾਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਟਿਲ ਨੇ ਕਿਹਾ, ‘‘ਮੈਂ ਤੇ ਫੜਨਵੀਸ ਹੁਰਾਂ ਨੇ ਵੀਰਵਾਰ ਦੁਪਹਿਰ ਨੂੰ ਇਕੱਠਿਆਂ ਭੋਜਨ ਕੀਤਾ ਸੀ ਤੇ ਮਗਰੋਂ ਉਹ ਕਿਸੇ ਕੰਮ ਲਈ ਦਿੱਲੀ ਚਲੇ ਗਏ। ਜੇਕਰ ਕੁਝ ਜ਼ਰੂਰੀ ਹੁੰਦਾ ਤਾਂ ਉਹ ਯਕੀਨੀ ਤੌਰ ’ਤੇ ਮੇਰੇ ਨਾਲ ਸਾਂਝਾ ਕਰਦੇ।’’ ਪਾਟਿਲ ਨੇ ਕਿਹਾ ਕਿ ਭਾਜਪਾ 2024 ਚੋਣਾਂ ਦੀਆਂ ਤਿਆਰੀਆਂ ਵਿੱਚ ਰੁੱਝੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ