ਪਟਨਾ, 27 ਦਸੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਰੀਬੀ ਵਿਸ਼ਵਾਸਪਾਤਰ ਆਰਸੀਪੀ ਸਿੰਘ ਨੂੰ ਜਨਤਾ ਦਲ (ਯੂਨਾਈਟਿਡ) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਰਸੀਪੀ ਸਿੰਘ ਦੇ ਨਾਂ ਦੀ ਸਿਫਾਰਸ਼ ਕੀਤੀ, ਜਿਸ ਨੂੰ ਬਾਕੀ ਮੈਂਬਰਾਂ ਨੇ ਮਨਜ਼ੂਰੀ ਦੇ ਦਿੱਤੀ ਸੀ। ਦੱਸਣਯੋਗ ਹੈ ਕਿ 2019 ਵਿੱਚ ਨਿਤੀਸ਼ ਕੁਮਾਰ ਨੂੰ ਤਿੰਨ ਸਾਲਾਂ ਲਈ ਜੇਡੀਯੂ ਦਾ ਪ੍ਰਧਾਨ ਥਾਪਿਆ ਗਿਆ ਸੀ ਪਰ ਉਨ੍ਹਾਂ ਨੇ ਸਿੰਘ ਦੇ ਹੱਕ ਵਿੱਚ ਪ੍ਰਧਾਨ ਦਾ ਅਹੁਦਾ ਤਿਆਗ ਦਿੱਤਾ ਸੀ। ਨੌਕਰਸ਼ਾਹ ਤੋਂ ਸਿਆਸੀ ਆਗੂ ਬਣੇ ਆਰਸੀਪੀ ਸਿੰਘ ਇਸ ਖੇਤਰੀ ਪਾਰਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਜੇਡੀਯੂ ਦੇ ਅਰੁਣਾਚਲ ਪ੍ਰਦੇਸ਼ ਵਿਚਲੇ ਸੱਤ ਵਿੱਚੋਂ ਛੇ ਵਿਧਾਇਕਾਂ ਦੇ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਪਾਰਟੀ ਨੇ ਦੇਸ਼ ਵਿਚਲੇ ਸਿਆਸੀ ਹਾਲਾਤ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਚਰਚਾ ਲਈ ਕੌਮੀ ਕਾਰਜਕਾਰਨੀ ਦੀ ਮੀਟਿੰਗ ਸੱਦੀ ਸੀ। ਇਸ ਮੀਟਿੰਗ ਵਿੱਚ ਗੁਆਂਢੀ ਸੂਬੇ ਪੱਛਮੀ ਬੰਗਾਲ ਵਿਚਲੀਆਂ ਚੋਣਾਂ ਬਾਰੇ ਚਰਚਾ ਵੀ ਕੀਤੀ ਗਈ। -ਪੀਟੀਆਈ